ਐਸ.ਏ.ਐਸ. ਨਗਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੱਗੇ ਕਰਫਿਊ/ ਲਾਕਡਾਊਨ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਪੰਜਾਬ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਾਮਿਸਾਲ ਹਨ ਅਤੇ ਮੁਸ਼ਕਿਲ ਦੀ ਇਸ ਘੜੀ ਵਿੱਚ ਗਰੀਬਾਂ ਦੀ ਮਦਦ ਲਈ ਅੱਗੇ ਆਉਣ ਵਾਲਾ ਹਰੇਕ ਹੱਥ ਮਾਨਵਤਾ ਦਾ ਸੱਚਾ ਹਿਤੈਸ਼ੀ ਹੈ।
ਸ੍ਰ ਸਿੱਧੂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲ ਕੇ ਉਨ੍ਹਾਂ ਕਿਹਾ ਕਿ ਬਿਪਤਾ ਦੀ ਇਸ ਘੜੀ ਵਿੱਚ ਡੇਰਾ ਬਿਆਸ ਮਨੁੱਖਤਾ ਦੇ ਸੱਚੇ ਹਮਦਰਦ ਵਜੋਂ ਅੱਗੇ ਆਇਆ ਹੈ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰਬੰਧਕ ਤੇ ਪੈਰੋਕਾਰਾਂ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਖਾਣੇ ਦੇ ਪੈਕੇਟ ਵੰਡ ਕੇ ਵੀ ਰਿਕਾਰਡ ਕਾਇਮ ਕੀਤਾ ਹੈ। ਡੇਰਾ ਪੈਰੋਕਾਰਾਂ ਨੇ 5 ਮਈ ਨੂੰ ਇਕ ਦਿਨ ਵਿੱਚ 5,36,667 ਖਾਣੇ ਦੇ ਪੈਕੇਟ ਵੰਡੇ, ਜੋ ਲਾਮਿਸਾਲ ਕਾਰਗੁਜ਼ਾਰੀ ਹੈ।
ਇਕਾਂਤਵਾਸ ਦੌਰਾਨ ਲੋਕਾਂ ਨੂੰ ਠਾਹਰ ਤੇ ਖਾਣਾ ਮੁਹੱਈਆ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਡੇਰੇ ਦੇ ਪੈਰੋਕਾਰਾਂ ਨੇ ਦੂਜੇ ਸੂਬਿਆਂ ਤੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਲਈ ਰਿਹਾਇਸ਼ ਤੇ ਮਿਆਰੀ ਖਾਣਾ ਦਿੱਤਾ। ਉਨ੍ਹਾਂ ਦੱਸਿਆ ਕਿ ਡੇਰਾ ਬਿਆਸ ਨਾਲ ਸਬੰਧਤ ਸਾਰੇ 119 ਕੇਂਦਰਾਂ ਨੇ ਮਾਨਵਤਾ ਲਈ ਬਿਪਤਾ ਦੀ ਇਸ ਘੜੀ ਵਿੱਚ ਲੋਕਾਂ ਨੂੰ ਬਚਾਉਣ ਲਈ ਸਰਕਾਰਾਂ ਦਾ ਸਾਥ ਦਿੱਤਾ ਅਤੇ ਅਜਿਹੀ ਮਿਸਾਲ ਘੱਟ ਹੀ ਮਿਲਦੀ ਹੈ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਹਾਜ਼ਰ ਸਨ।