ਮੋਹਾਲੀ : ਭਲਕੇ ਰੋਜ਼ਾਨਾ ਪਹਿਰੇਦਾਰ ਦੇ ਮੋਹਾਲੀ ਤੋਂ ਜ਼ਿਲ੍ਹਾ ਇੰਚਾਰਜ ਮੇਜਰ ਸਿੰਘ ਦੀ ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕੀਤੀ ਮਾਰਕੁੱਟ ਅਤੇ ਕਕਾਰਾਂ ਦੀ ਕੀਤੀ ਬੇਅਦਬੀ ਸਬੰਧੀ ਮੁਹਾਲੀ ਪ੍ਰੈੱਸ ਕਲੱਬ ਦੀ ਇੱਕ ਬਹੁਤ ਹੀ ਜ਼ਰੂਰੀ ਮੀਟਿੰਗ ਮੁਹਾਲੀ ਪ੍ਰੈਸ ਕਲੱਬ ਵਿਖੇ ਹੋਈ ਜਿਸ ਵਿੱਚ ਸੌ ਦੇ ਕਰੀਬ ਪੱਤਰਕਾਰ ਸ਼ਾਮਲ ਹੋਏ।
ਇਸ ਮੌਕੇ ਬੀਤੇ ਦਿਨ ਪੱਤਰਕਾਰ ਮੇਜਰ ਸਿੰਘ ਨਾਲ ਪੁਲਿਸ ਵੱਲੋਂ ਕੀਤੀ ਗਈ ਘਟੀਆ ਹਰਕਤ, ਜ਼ਬਰਦਸਤ ਮਾਰ ਕੁਟਾਈ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਸਬੰਧੀ ਵਿਚਾਰ ਵਟਾਂਦਰਾ ਕਰਕੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਾਹਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸਮੂਹ ਪੱਤਰਕਾਰਾਂ ਨੇ ਐਸ ਐਸ ਪੀ ਤੋਂ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਪੱਤਰਕਾਰ ਮੇਜਰ ਸਿੰਘ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਦੇ ਵਿਰੁੱਧ ਤੁਰਤ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਐੱਸਐੱਸਪੀ ਕਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਪੁਲੀਸ ਆਪਣੇ ਮੁਲਾਜ਼ਮਾਂ ਦਾ ਬਿਲਕੁਲ ਵੀ ਬਚਾਅ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ ਇਸ ਕਰਕੇ ਉਨ੍ਹਾਂ ਨੇ ਸਵੇਰ ਵੇਲੇ ਹੀ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਸੀ।
ਉਨ੍ਹਾਂ ਇਹ ਵੀ ਦਸਿਆ ਕਿ ਬਾਅਦ ਵਿੱਚ ਪੱਤਰਕਾਰਾਂ ਦਾ ਇੱਕ ਗਰੁੱਪ ਵੀ ਉਨ੍ਹਾਂ ਨੂੰ ਮਿਲ ਕੇ ਗਿਆ ਸੀ ਪ੍ਰੰਤੂ ਉਹ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮਾਮਲੇ ਦੀ ਜਾਂਚ ਐੱਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਨੂੰ ਸੌਂਪਦਿਆਂ ਕਿਹਾ ਹੈ ਕਿ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਤੇ ਇਸਦੇ ਨਾਲ ਹੀ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਵੇ। ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮਾਂ ਦਾ ਵਤੀਰਾ ਜਨਤਾ ਪ੍ਰਤੀ ਠੀਕ ਨਹੀਂ ਰਿਹਾ ਹੈ।