ਬਰਨਾਲਾ, ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ ਹੈ।
ਬੀਜ ਵਿਕਰੇਤਾ ਕਿਸਾਨਾਂ ਨੂੰ ਮਿਆਰੀ ਬੀਜ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਉਣ। ਅਜਿਹਾ ਨਾ ਕਰਨ ਵਾਲਿਆਂ ਖਿਲਾਫ਼ ਸੀਡਜ਼ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਹਦਾਇਤ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰੰਘ ਵੱਲੋਂ ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਵਿਚ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਕੀਤੀ ਅਚਨਚੇਤ ਚੈਕਿੰਗ ਦੌਰਾਨ ਕੀਤੀ ਗਈ। ਇਸ ਦੌਰਾਨ ਬੀ. ਟੀ ਨਰਮੇ ਅਤੇ ਝੋਨੇ ਦੇ ਬੀਜਾਂ ਦੇ ਸੈਂਪਲ ਭਰੇ ਗਏ।
ਮੁੱਖ ਖੇਤੀਬਾੜੀ ਅਫਸਰ ਨੇ ਹਦਾਇਤ ਕੀਤੀ ਜੇਕਰ ਕਿਸੇ ਬੀਜ ਵਿਕਰੇਤਾਵਾਂ ਦੇ ਕੰਮ ਵਿੱਚ ਊਣਤਾਈਆਂ ਪਾਈਆਂ ਗਈਆਂ ਤੇ ਕੋਵਿਡ-19 ਦੇ ਚਲਦਿਆਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬੀਜ ਮਹਿੰਗੇ ਭਾਅ ’ਤੇ ਵੇਚਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬੀਜ ਵਿਕਰੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਮਿਆਰੀ ਬੀਜ ਵਾਜਿਬ ਰੇਟਾਂ ’ਤੇ ਮੁਹੱਈਆ ਕਰਵਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਉੱਪਰ ਸੀਡਜ਼ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪ੍ਰਾਪਤ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਾਉਣੀ ਦੀਆਂ ਫਸਲਾਂ ਲਈ ਬੀਜ ਅਧਿਕਾਰਤ ਬੀਜ ਵਿਕਰੇਤਾ ਤੋਂ ਪੱਕਾ ਬਿੱਲ ਲੈ ਕੇ ਹੀ ਖਰੀਦਿਆ ਜਾਵੇ। ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਉਸ ਨੂੰ ਖੇਤਾਂ ਦੇ ਵਿੱਚ ਹੀ ਮਿਲਾਇਆ ਜਾਵੇ ਤਾਂ ਜੋ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾਵੇ। ਵਾਤਾਵਾਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਕਰੋਨਾ ਨੂੰ ਫੈਲਣ ਤੋ ਰੋਕਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਕੁਝ ਰਕਬੇ ਵਿੱਚ ਫਸਲੀ ਵਿਭਿੰਨਤਾ ਤਹਿਤ ਨਰਮੇ ਅਤੇ ਮੱਕੀ ਦੀ ਕਾਸ਼ਤ ਕਰਨ ਲਈ ਵੀ ਕਿਹਾ। ਉਨ੍ਹਾਂ ਆਖਿਆ ਕਿ ਕਿਸੇ ਵੀਕਿਸਮ ਦੀ ਮੁਸ਼ਕਲ ਆਉਣ ’ਤੇ ਕਿਸਾਨ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਜਾਂ ਫਿਰ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ।