ਵਾਸ਼ਿੰਗਟਨ : ਕਰੋਨਾਵਾਇਰਸ ਦਾ ਕਹਿਰ ਅਮਰੀਕਾ ਵਿੱਚ ਇਸ ਕਦਰ ਵੱਧ ਰਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਲਗਪਗ 1568 ਦੇ ਕਰੀਬ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਜੇਕਰ ਪੂਰੇ ਵਿਸ਼ਵ ਵਿੱਚ ਮੌਤਾਂ ਦਾ ਅੰਕੜਾ ਵੇਖਿਆ ਜਾਵੇ ਤਾਂ ਇਸ ਦੀ ਗਿਣਤੀ 2 ਲੱਖ 80 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ 41 ਲੱਖ 01 ਹਜ਼ਾਰ ਤੋਂ ਵੱਧ ਇਨਫ਼ੈਕਟਡ ਹਨ। ਇਹਨਾਂ ਵਿਚੋਂ 14 ਲੱਖ 41 ਹਜ਼ਾਰ ਲੋਕ ਠੀਕ ਵੀ ਹੋਏ ਹਨ।
ਅਮਰੀਕਾ ਵਿੱਚ ਕਰੋਨਾ ਕਾਰਨ ਬਣੀ ਹੋਈ ਸਥਿਤੀ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਰਾਕ ਓਬਾਮਾ ਨੇ ਕੋਰੋਨਾ ਵਿਰੁੱਧ ਜੰਗ ਵਿਚ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਨੂੰ ‘ਅਰਾਜਕ ਆਫਤ’ ਕਰਾਰ ਦਿੱਤਾ ਹੈ। ਓਬਾਮਾ ਨੇ ਕਿਹਾ, ”ਅਸੀਂ ਸਵਾਰਥੀ ਹੋਣ, ਵੰਡੇ ਹੋਣ ਅਤੇ ਦੂਜਿਆਂ ਨੂੰ ਦੁਸ਼ਮਣ ਵਾਂਗ ਦੇਖਣ ਜਿਹੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੁਝਾਨਾਂ ਨਾਲ ਲੜ ਰਹੇ ਹਾਂ। ਇਹ ਰੁਝਾਨ ਅਮਰੀਕੀ ਜੀਵਨ ਵਿਚ ਮਜ਼ਬੂਤੀ ਨਾਲ ਘਰ ਬਣਾ ਚੁੱਕੇ ਹਨ। ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਇਹੀ ਦੇਖ ਰਹੇ ਹਾਂ। ਇਹੀ ਕਾਰਨ ਹੈ ਕਿ ਇਸ ਗਲੋਬਲ ਸੰਕਟ ਨੂੰ ਲੈ ਕੇ ਪ੍ਰਤਿਕਿਰਿਆ ਅਤੇ ਕਾਰਵਾਈ ਇੰਨੀ ਕਮਜ਼ੋਰ ਅਤੇ ਦਾਗਦਾਰ ਹੈ।”