ਐਸ ਏ ਐਸ ਨਗਰ, : ਨਗਰ ਨਿਗਮ ਐਸ.ਏ.ਐਸ. ਨਗਰ ਦੇ ਮੌਜੂਦਾ ਕਾਰਜਕਾਲ ਦੀ ਅਖੀਰਲੀ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਡਿਪਟੀ ਮੇਅਰ ਮਨਜੀਤ ਸਿੰਘ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਦੇ ਦਫ਼ਤਰ ਵਿੱਚ ਬੈਠ ਕੇ ਮੀਟਿੰਗ ਵਿੱਚ ਭਾਗ ਲਿਆ ਗਿਆ ਜਦਕਿ ਬਾਕੀ ਦੇ ਕੌਂਸਲਰ ਆਪੋ ਆਪਣੇ ਘਰਾਂ ਵਿੱਚੋਂ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
ਮੀਟਿੰਗ ਵਿੱਚ ਮੁੱਖ ਤੌਰ ‘ਤੇ ਦੋ ਮਤੇ ਰੱਖੇ ਗਏ ਸੀ ਜਿਹਨਾਂ ਵਿੱਚੋਂ ਇੱਕ ਨਿਗਮ ਦੇ ਖੇਤਰ ਵਿੱਚ ਲੋਕਾਂ ਵਲੋਂ ਰੱਖੇ ਪਾਲਤੂ ਜਾਨਵਰਾਂ ਸੰਬੰਧੀ ਬਾਈਲਾਜ ਨੂੰ ਮੰਜੂਰੀ ਦੇਣ ਅਤੇ ਦੂਜਾ ਗਊ ਸੈਸ ਰਾਹੀਂ ਇਕੱਠੀ ਹੁੰਦੀ ਰਕਮ ਨਾਲ ਗਊਸ਼ਾਲਾ ਵਿੱਚ ਚਾਰਾ ਤੂੜੀ ਮੁਹਈਆ ਕਰਵਾਉਣ ਬਾਰੇ ਸੀ ਜਿਹਨਾਂ ਨੂੰ ਸਮੂਹ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਮੰਜੂਰੀ ਦੇ ਦਿੱਤੀ ਗਈ।
ਮੀਟਿੰਗ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਨਿਗਮ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਿਗਮ ਦੇ ਪੂਰੇ 50 ਕੌਂਸਲਰਾਂ ਦਾ ਸਹਿਯੋਗ ਮਿਲਿਆ ਹੈ ਅਤੇ ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਵਿਕਾਸ ਲਈ ਮੰਜੂਰੀ ਦਿੱਤੀ ਹੈ। ਉਹਨਾਂ ਕਿਹਾ ਕਿ ਸਮੂਹ ਕੌਂਸਲਰਾਂ ਵਲੋਂ ਮਿਲੇ ਸਹਿਯੋਗ ਸਦਕਾ ਹੀ ਉਹ ਸ਼ਹਿਰ ਦਾ ਲੋੜੀਂਦਾ ਵਿਕਾਸ ਕਰਵਾਉਣ ਦੇ ਸਮਰਥ ਹੋਏ ਹਨ ਅਤੇ ਇਸ ਦੌਰਾਨ ਸ਼ਹਿਰ ਦੇ ਵਿਕਾਸ ਦੇ ਕਈ ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਨਿਗਮ ਦਾ ਕਾਰਜਕਾਲ ਭਾਵੇਂ ਖਤਮ ਹੋ ਗਿਆ ਹੈ ਪਰ ਉਹ ਸਾਰੇ ਇੱਕ ਪਰਿਵਾਰ ਹਨ ਅਤੇ ਉਹਨਾਂ ਵਿੱਚ ਤਾਲਮੇਲ ਕਾਇਮ ਰਹਿਣਾ ਚਾਹੀਦਾ ਹੈ।
ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵਲੋਂ ਵੀ ਇੱਕ ਇੱਕ ਕਰਕੇ ਮੇਅਰ ਵਲੋਂ ਕੌਂਸਲਰਾਂ ਨੂੰ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ ਗਿਆ। ਇਸ ਦੌਰਾਨ ਥੋੜ੍ਹਾ ਮਜ਼ਾਕ ਵੀ ਹੋਇਆ ਜਦੋਂ ਭਾਜਪਾ ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਮੇਅਰ ਸਾਹਿਬ ਤੁਸੀਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਤਾਂ ਸਭ ਕੁੱਝ ਦਿੱਤਾ ਪਰੰਤੂ ਭਾਜਪਾ ਨੂੰ ਬਣਦੇ ਕੋਟੇ ਅਨੁਸਾਰ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਨਹੀਂ ਮਿਲਿਆ। ਇਸ ‘ਤੇ ਮੇਅਰ ਨੇ ਵੀ ਹਾਸੇ ਵਿੱਚ ਜਵਾਬ ਦਿੱਤਾ ਕਿ ਅਗਲੀ ਵਾਰ ਹੋਣ ਵਾਲੀ ਚੋਣ ਜਿੱਤ ਕੇ ਤੁਸੀਂ ਆਪਣਾ ਮੇਅਰ ਹੀ ਬਣਾ ਲਿਓ।
ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਬ ਜੈਨ ਅਤੇ ਡਿਪਟੀ ਮੇਅਰ ਸ੍ਰੀ ਮਨਜੀਤ ਸਿਘ ਨੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। ਸ੍ਰ ਕੁਲਜੀਤ ਸਿੰਘ ਬੇਦੀ ਨੇ ਨਿਗਮ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਟੀਮ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਹੀ ਕਾਇਮ ਹੋਈ ਸੀ ਅਤੇ ਕਾਂਗਰਸ ਨੇ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਵਿਕਾਸ ਦੇ ਮੁੱਦੇ ‘ਤੇ ਹਮੇਸ਼ਾ ਮੇਅਰ ਦਾ ਸਾਥ ਦਿੱਤਾ ਹੈ ਅਤੇ ਮੇਅਰ ਨੇ ਵੀ ਸਮੂਹ ਵਾਰਡਾਂ ਵਿੱਚ ਵਿਕਾਸ ਕਰਵਾਇਆ ਹੈ।
ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਪਿੰਡ ਦੇ ਸਰਪੰਚ ਰਹੇ ਹਨ ਅਤੇ ਹੁਣ ਕੌਂਸਲਰ ਵਜੋਂ ਉਹਨਾਂ ਨੂੰ ਕਾਫੀ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ। ਕੌਂਸਲਰ ਸਰਬਜੀਤ ਸਿੰਘ (ਜੋ ਅਮਰੀਕਾ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਏ) ਨੇ ਕਿਹਾ ਕਿ ਕੌਂਸਲਰ ਵਜੋਂ ਉਹਨਾਂ ਨੇ ਸਾਰੇ ਕੌਂਸਲਰਾਂ ਤੋਂ ਬਹੁਤ ਕੁੱਝ ਸਿੱਖਿਆ ਹੈ ਕਿਉਂਕਿ ਉਹ ਸਭਤੋਂ ਛੋਟੀ ਉਮਰ ਦੇ ਹਨ ਅਤੇ ਸਾਰੇ ਹੀ ਉਹਨਾਂ ਦੇ ਸੀਨੀਅਰ ਹਨ। ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਪਰਿਵਾਰ ਦੇ ਮੁਖੀ ਵਾਂਗ ਸਾਰਿਆਂ ਦਾ ਧਿਆਨ ਰੱਖਿਆ ਹੈ ਅਤੇ ਸ਼ਹਿਰ ਦਾ ਵਿਕਾਸ ਕਰਵਾਇਆ ਹੈ। ਉਹਨਾਂ ਕਿਹਾ ਕਿ ਸਾਰਿਆਂ ਨੇ ਹੀ ਮੇਅਰ ਤੋਂ ਬਹੁਤ ਕੁੱਝ ਸਿਖਿਆ ਹੈ।
ਇਸ ਦੌਰਾਨ ਕੌਂਸਲਰ ਸਤਵੀਰ ਸਿੰਘ ਧਨੋਆ, ਪਰਮਜੀਤ ਸਿੰਘ ਕਾਹਲੋਂ, ਆਰ ਪੀ ਸ਼ਰਮਾ, ਬੀ ਬੀ ਮੈਣੀ, ਗੁਰਮੀਤ ਕੌਰ, ਜਸਪ੍ਰੀਤ ਕੌਰ ਮੁਹਾਲੀ, ਗੁਰਮੁਖ ਸਿੰਘ ਸੋਹਲ, ਕੁਲਦੀਪ ਕੌਰ ਕੰਗ, ਅਰੁਣ ਸ਼ਰਮਾ, ਅਸ਼ੋਕ ਝਾਅ, ਹਰਵਿੰਦਰ ਕੌਰ ਲੰਗ, ਫੂਲਰਾਜ ਸਿੰਘ, ਕਮਲਜੀਤ ਸਿੰਘ ਰੂਬੀ, ਗੁਰਮੀਤ ਸਿੰਘ ਵਾਲੀਆ, ਰਾਜ ਰਾਨੀ ਜੈਨ, ਉਪਿੰਦਰਪ੍ਰੀਤ ਕੌਰ, ਅਮਰੀਕ ਸਿੰਘ ਤਹਿਸੀਲਦਾਰ, ਜਸਬੀਰ ਸਿੰਘ ਮਣਕੂ, ਰਜਨੀ ਗੋਇਲ, ਪਰਮਿੰਦਰ ਸਿੰਘ ਤਸਿੰਬਲੀ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਜਸਬੀਰ ਕੌਰ ਅਤਲੀ, ਰਜਿੰਦਰ ਕੌਰ ਕੁੰਭੜਾ, ਹਰਪਾਲ ਸਿੰਘ ਚੰਨਾ, ਸੁਖਦੇਵ ਸਿੰਘ ਪਟਵਾਰੀ ਨੇ ਮੇਅਰ ਦਾ ਧੰਨਵਾਦ ਕੀਤਾ।
ਇਸ ਮੌਕੇ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਨੇ ਕਿਹਾ ਕਿ ਭਾਵੇਂ ਚੁਣੇ ਹੋਏ ਨੁਮਾਇੰਦਿਆਂ ਦਾ ਕਾਰਜਕਾਲ ਖਤਮ ਹੋ ਗਿਆ ਹੈ ਪਰੰਤੂ ਨਿਗਮ ਵਲੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲਿਆ ਜਾਵੇਗਾ ਅਤੇ ਉਹ ਚਾਹੁਣਗੇ ਕਿ ਆÀ-ਣ ਵਾਲੇ ਦਿਨਾਂ ਦੌਰਾਨ ਸਾਰੇ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਪਹਿਲਾਂ ਵਾਂਗ ਹੀ ਸਹਿਯੋਗ ਅਤੇ ਸਲਾਹ ਦਿੰਦੇ ਰਹਿਣ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਸਾਡੀ ਧੰਨਵਾਦ ਮੀਟਿੰਗ ਸੀ ਅਤੇ ਮੀਟਿੰਗ ਦੌਰਾਨ ਪੈਂਡਿੰਗ ਮਤੇ ਵੀ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜਕਾਲ ਦੌਰਾਨ ਨਿਗਮ ਦੀਆਂ 40 ਮੀਟਿੰਗਾਂ ਹੋਈਆਂ ਅਤੇ ਸ਼ਹਿਰ ਦੇ ਸਾਰੇ ਕੌਂਸਲਰਾਂ ਵਲੋਂ ਮਿਲ ਕੇ ਇੱਕ ਆਵਾਜ਼ ਵਿੱਚ ਸ਼ਹਿਰ ਦੇ ਵਿਕਾਸ ਦੇ ਮਤੇ ਪਾਸ ਕੀਤੇ ਜਾਂਦੇ ਰਹੇ ਹਨ।