ਜਲੰਧਰ : ਕਰੋਨਾ ਵਾਇਰਸ ਕਾਰਨ ਜਲੰਧਰ ‘ਚ ਬੀਤੇ ਦਿਨੀਂ ਇਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੱਜਰੀ ਹੋਈ ਮੌਤ ਕਾਰਨ ਜਲੰਧਰ ਵਿਚ ਇਸ ਨੁਮਰਾਦ ਬੀਮਾਰੀ ਕਾਰਨ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ ਜਦਕਿ ਪੰਜਾਬ ‘ਚ ਮੌਤਾਂ ਦਾ ਅੰਕੜਾ 18 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਵਿੱਚ ਕੁੱਲ ਕਰੋੜਾਂ ਪੀੜਤਾਂ ਦੀ ਗਿਣਤੀ 64 ਤੱਕ ਜਾ ਢੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸਹਿਦੇਵ (48) ਵਜੋਂ ਹੋਈ ਹੈ ਜੋ ਕਿ ਬਸਤੀ ਗੁਜ਼ਾ ਦਾ ਰਹਿਣ ਵਾਲਾ ਸੀ ਅਤੇ ਮੂਲ ਰੂਪ ਵਿੱਚ ਮਹਾਰਾਸ਼ਟਰ ਦਾ ਸੀ। ਮ੍ਰਿਤਕ ਨੂੰ ਬੀਤੇ ਦਿਨ ਹੀ ਹਸਪਤਾਲ ਵਿਚ ਭਰਤੀ ਕੀਤਾ ਸੀ ਤੇ ਬੀਤੇ ਦਿਨ ਹੀ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਕਰੋਨਾ ਕਾਰਨ ਸਭ ਤੋਂ ਪਹਿਲੀ ਮੌਤ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਕੁਮਾਰ ਸ਼ਰਮਾ ਦੀ ਹੋਈ ਸੀ। ਇਸ ਦੇ ਇਲਾਵਾ ਕਰੋਨਾ ਕਾਰਨ ਦੂਜੀ ਮੌਤ ਸ਼ਾਹਕੋਟ ਵਿਖੇ ਰਹਿਣ ਵਾਲੀ ਔਰਤ ਦੀ ਹੋਈ ਸੀ। ਉਕਤ ਔਰਤ ਦੀ ਮੌਤ ਤੋਂ ਬਾਅਦ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ।
ਜਲੰਧਰ ਵਿੱਚ ਕਰੋਨਾ ਦੇ ਹੁਣ ਤੱਕ ਪੂਰੇ ਪੰਜਾਬ ਨਾਲੋਂ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿਚ ਉਸ ਤੋਂ ਬਾਅਦ ਨੰਬਰ ਮੋਹਾਲੀ ਹੈ ਜਿਥੇ 63 ਪਾਜ਼ੀਟਿਵ ਕੇਸ ਪਾਏ ਗਏ ਹਨ।