ਖੰਨਾ : ਸੂਬੇ ਵਿੱਚ ਲੌਕਡਾਊਨ ਲੱਗਣ ਕਾਰਨ ਰੁਜ਼ਗਾਰ ਵਿਹੁਣੇ ਹੋਏ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਪਰਤਣ ਲਈ ਮਜ਼ਬੂਰ ਹਨ। ਜਲੰਧਰ ਤੋਂ ਕਰੀਬ 45 ਪ੍ਰਵਾਸੀ ਮਜ਼ਦੂਰ ਆਪਣੇ ਸਾਈਕਲਾਂ ‘ਤੇ ਵਾਪਸ ਬਿਹਾਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸ਼ੰਭੂ ਬੈਰੀਅਰ ਤੋਂ ਪੰਜਾਬ ਪੁਲਿਸ ਵਲੋਂ ਵਾਪਸ ਮੋੜ ਦਿੱਤਾ ਗਿਆ। ਭੁੱਖੇ-ਪਿਆਸੇ ਇਹ ਮਜ਼ਦੂਰ ਜਦੋਂ ਨੇੜਲੇ ਪਿੰਡ ਬੀਜਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਪੁੱਜੇ ਤਾਂ ਗੁਰਦੁਆਰਾ ਕਮੇਟੀ ਵਲੋਂ ਇਨ੍ਹਾਂ ਨੂੰ ਲੰਗਰ ਛਕਾਇਆ ਗਿਆ।
ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵਿੱਚ ਪ੍ਰਦੀਪ ਕੁਮਾਰ, ਪਾਰਸ ਰਾਏ, ਬਾਂਕੇ ਲਾਲ ਅਤੇ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਇਕ ਟਾਇਰ ਫੈਕਟਰੀ ‘ਚ ਕੰਮ ਕਰਦੇ ਸਨ ਪਰ ਲੌਕਡਾਊਨ ਕਾਰਨ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਨ। ਮਜ਼ਦੂਰਾਂ ਦਾ ਕਹਿਣਾ ਸੀ ਕਿ ਜੇਕਰ ਕਰੋਨਾ ਬੀਮਾਰੀ ਨਾਲ ਨਹੀਂ ਤਾਂ ਉਹ ਭੁੱਖ ਨਾਲ ਜ਼ਰੂਰ ਮਰ ਜਾਣਗੇ ਕਿਉਂਕਿ ਉਨ੍ਹਾਂ ਦੀ ਕਿਸੇ ਪਾਸੇ ਤੋਂ ਕੋਈ ਮਦਦ ਨਹੀਂ ਹੋ ਰਹੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਸਿਹਤ ਮੰਤਰਾਲਾ ਕੁੱਝ ਹੋਰ ਹੀ ਅੰਕੜੇ ਜਾਰੀ ਕਰ ਦਿਤਾ ਹੈ। ਜੇਕਰ ਪੰਜਾਬ ਵਿੱਚ ਕਰੋਨਾ ਕਾਰਨ ਪੀੜਤਾਂ ਦੀ ਗਿਣਤੀ ਦੇਖੀ ਜਾਵੇ ਤਾਂ ਮੋਹਾਲੀ ਅਤੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 63-63 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਲੁਧਿਆਣਾ ‘ਚ 17, ਅੰਮ੍ਰਿਤਸਰ 14, ਮਾਨਸਾ 13, ਹੁਸ਼ਿਆਰਪੁਰ 07, ਮੋਗਾ 04, ਫਰੀਦਕੋਟ 03, ਰੂਪਨਗਰ 03, ਪਟਿਆਲਾ ‘ਚ 61, ਪਠਾਨਕੋਟ ‘ਚ 25, ਐੱਸ.ਬੀ.ਐੱਸ. ਨਗਰ ‘ਚ 19, ਸੰਗਰੂਰ 03, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 03, ਗੁਰਦਾਸਪੁਰ 01, ਮੁਕਤਸਰ 01, ਫਿਰੋਜ਼ਪੁਰ 01 ਮਾਮਲਾ ਰਿਪੋਰਟ ਕੀਤਾ ਗਿਆ ਹੈ।