ਲਖਨਊ : ਪੱਛਮੀ ਦੇਸ਼ਾਂ ਵਿੱਚ ਕਹਿਰ ਮਚਾਉਣ ਤੋਂ ਬਾਅਦ ਹੁਣ ਕਰੋਨਾ ਦਾ ਕਹਿਰ ਦੇਸ਼ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ‘ਚ ਇਕੋ ਪਰਿਵਾਰ ਦੇ 19 ਮੈਂਬਰ ਕਰੋਨਾ ਪਾਜ਼ੀਟਿਵ ਮਿਲਣ ਕਾਰਨ ਤਰਥੱਲੀ ਮਚ ਗਈ ਹੈ। ਇੱਥੋ ਦੇ ਸੰਤ ਕਬੀਰ ਨਗਰ ਜ਼ਿਲ੍ਹੇ ‘ਚ ਦੇਵਬੰਦ ਤੋਂ ਵਾਪਸ ਆਏ ਇਕ ਵਿਦਿਆਰਥੀ ਦੇ ਪਰਿਵਾਰ ਦੇ 19 ਮੈਂਬਰ ਲਾਗ ਦੀ ਬਿਮਾਰੀ ਕਾਰਨ ਪ੍ਰਭਾਵਿਤ ਮਿਲੇ ਹਨ।
ਇਨਫੈਕਟਡ ਵਿਦਿਆਰਥੀ ਅਸਦੁੱਲਾ ਦੇ ਪਰਿਵਾਰ ਦੇ 29 ਮੈਂਬਰਾਂ ਦੇ ਨਮੂਨੇ ਗੋਰਖਪੁਰ ਸਥਿਤ ਬੀ.ਆਰ.ਡੀ. ਮੈਡੀਕਲ ਕਾਲਜ ‘ਚ ਭੇਜੇ ਗਏ ਸੀ। ਸ਼ੁੱਕਰਵਾਰ ਰਾਤ ਨੂੰ ਮਿਲੀ ਜਾਂਚ ਰਿਪੋਰਟ ‘ਚ ਇਨ੍ਹਾਂ 19 ਮੈਂਬਰ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿੱਚ ਇਕੋ ਪਰਿਵਾਰ ਦੇ ਕਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪੂਰੇ ਇਲਾਕੇ ਨੂੰ ਹਾਟਸਪਾਟ ਐਲਾਨਦਿਆਂ ਸੀਲ ਕਰ ਦਿੱਤਾ ਗਿਆ ਹੈ। ਡੀ.ਐੱਮ. ਨੇ ਦੱਸਿਆ ਹੈ ਕਿ ਸਾਰੇ ਪਾਜ਼ੀਟਿਵ ਮਰੀਜ਼ਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ 24 ਅਪ੍ਰੈਲ ਤੱਕ ਸੂਬੇ ‘ਚ 17,289 ਲੋਕਾਂ ‘ਚ ਕਰੋਨਾ ਵਰਗੇ ਲੱਛਣ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਦੇ 57 ਜ਼ਿਲ੍ਹਿਆਂ ‘ਚ ਕਰੋਨਾ ਪੈਰ ਪਸਾਰ ਲਏ ਹਨ। ਹੁਣ ਤੱਕ 11 ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਕਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੂਰੇ ਦੇਸ਼ ‘ਚ ਕਰੋਨਾ ਦੇ 24506 ਪ੍ਰਭਾਵਿਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 775 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ 5063 ਲੋਕ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ।