ਰਾਜਪੁਰਾ : ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੀਤੀ ਰਾਤ ਇੱਕ ਅਹਿਮ ਫੈਸਲਾ ਲੈਂਦਿਆਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਅੰਦਰਲੇ ਸ਼ਹਿਰ ਨੂੰ ਇਹਤਿਆਤ ਵਜੋਂ ਬਫ਼ਰ ਖੇਤਰ ਐਲਾਨਿਆ ਹੈ।
ਮਿਤੀ 15 ਅਪ੍ਰੈਲ 2020 ਨੂੰ ਰਾਜਪੁਰਾ ‘ਚ ਪਹਿਲਾ ਕੋਵਿਡ-19 ਦਾ ਪਹਿਲਾ ਕੇਸ ਮਿਲਣ ਮਗਰੋਂ ਅਜਿਹੇ ਮਾਮਲਿਆਂ ਦੀ ਤੇਜੀ ਨਾਲ ਵਧੀ ਗਿਣਤੀ ਦੇ ਮੱਦੇਨਜ਼ਰ ਖ਼ਤਰੇ ਵਾਲੀ ਸਥਿਤੀ ਨੂੰ ਭਾਪਦਿਆਂ ਸਿਹਤ ਵਿਭਾਗ ਵੱਲੋਂ ਰਾਜਪੁਰਾ ‘ਚ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੇ ਅਗਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਵੀ ਸ਼ੁਰੂ ਕੀਤੀ ਸੀ। ਸੋਧੀ ਹੋਈ ਰੋਗ ਗ੍ਰਸਤ ਇਲਾਕਾ ਨੀਤੀ ਮੁਤਾਬਕ ਰਾਜਪੁਰਾ ਦੇ ਤਿੰਨ ਇਲਾਕਿਆਂ ਨੂੰ ਰੋਗ ਗ੍ਰਸਤ ਖੇਤਰ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰੰਤੂ ਹੁਣ ਜ਼ਿਲ੍ਹਾ ਮੈਜਿਸਟਰੇਟ ਨੇ ਇਹਤਿਆਤ ਵਜੋਂ ਰਾਜਪੁਰਾ ਨਗਰ ਕੌਂਸਲ ਦੀਆਂ ਹੱਦਾਂ ਦੇ ਅੰਦਰਲੇ ਪੂਰੇ ਸ਼ਹਿਰ ਨੂੰ ਬਫ਼ਰ ਖੇਤਰ ਐਲਾਨ ਕੇ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਰਾਜਪੁਰਾ ਵਿੱਚੋਂ ਨਾ ਕੋਈ ਵਿਅਕਤੀ ਸ਼ਹਿਰ ਤੋਂ ਬਾਹਰ ਜਾ ਸਕੇਗਾ ਅਤੇ ਨਾ ਹੀ ਕੋਈ ਰਾਜਪੁਰਾ ਦੇ ਅੰਦਰ ਦਾਖਲ ਹੋ ਸਕੇਗਾ। ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਲੋੜੀਂਦੀਆਂ ਜਰੂਰੀ ਵਸਤਾਂ ਦੀ ਸਪਲਾਈ ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ. ਬੈਨਿਥ ਦੀ ਨਿਗਰਾਨੀ ਹੇਠ ਨਗਰ ਕੌਂਸਲ ਰਾਜਪੁਰਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਹੁਕਮਾਂ ਮੁਤਾਬਕ ਰਾਜਪੁਰਾ ਦੀ ਸਬਜ਼ੀ ਮੰਡੀ ਬੰਦ ਰਹੇਗੀ ਪਰੰਤੂ ਪੈਟਰੋਲ ਪੰਪਾਂ ਸਮੇਤ ਅਨਾਜ ਮੰਡੀ, ਜਿੱਥੇ ਕਿ ਕਣਕ ਦੀ ਖਰੀਦ ਚੱਲ ਰਹੀ ਹੈ, ਖੁੱਲ੍ਹੀ ਰਹੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਧਾਰਾ 144 ਅਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜਪੁਰਾ ਦੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਈ.ਓ. ਨਗਰ ਕੌਂਸਲ ਨਾਲ ਤਾਲਮੇਲ ਕਰਦੇ ਹੋਏ ਪੂਰੀ ਸਥਿਤੀ ‘ਤੇ ਨਿਗਰਾਨੀ ਰੱਖਣਗੇ। ਜਦੋਂਕਿ ਰਾਜਪੁਰਾ-ਪਟਿਆਲਾ ਦਰਮਿਆਨ ਲੋਕਾਂ ਦੀ ਆਵਾਜਾਈ ਰੋਕਣ ਲਈ ਐਸ.ਡੀ.ਐਮ. ਪਟਿਆਲਾ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੈਕਟਰ ਮੈਜਿਸਟਰੇਟਾਂ ਦੀ ਤਾਇਨਾਤੀ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੰਡੀਗੜ੍ਹ-ਪਟਿਆਲਾ-ਚੰਡੀਗੜ੍ਹ ਐਮਰਜੈਂਸੀ ਸਮੇਂ ਅਤੇ ਆਪਣੀ ਡਿਊਟੀ ਲਈ ਆਉਣ-ਜਾਣ ਵਾਲੇ ਰਾਜਪੁਰਾ ਸ਼ਹਿਰ ਦੇ ਅੰਦਰ ਵਾਲੇ ਰਸਤੇ ਦੀ ਬਜਾਇ ਬਾਈਪਾਸ ਸੜਕ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਅਤੇ ਖਾਸ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਆਪਣੇ ਘਰਾਂ ਅੰਦਰ ਰਹਿ ਕੇ ਕਰਫਿਊ ਨਿਯਮਾਂ ਦਾ ਪਾਲਣ ਕਰਨ ਪਰੰਤੂ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।