ਮੋਹਾਲੀ : ਕਰੋਨਾ ਦੇ ਕਹਿਰ ਕਾਰਨ ਪੰਜਾਬ ਦੇ ਦੋ ਸੂਬਿਆਂ ਵਿਚ ਜ਼ਿਆਦਾ ਤਬਾਹੀ ਮਚੀ ਹੋਈ ਹੈ ਜਿਸ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੁਣ ਹੋਰ ਵੀ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ। ਮੋਹਾਲੀ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਵਿਅਕਤੀ ਪੰਜਾਬ ਦੇ ਹੋਰਨਾਂ ਸੂਬਿਆਂ ਤੋਂ ਮੋਹਾਲੀ ਆਵੇਗਾ ਉਸ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੇਕਰ ਉਸ ਵਿੱਚ ਕਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਤਾਂ ਉਸ ਨੂੰ 14 ਦਿਨਾਂ ਲਈ ਘਰ ‘ਚ ਕੁਆਰੰਟਾਈਨ ਕੀਤਾ ਜਾਵੇਗਾ, ਜਦਕਿ ਲੱਛਣ ਪਾਏ ਜਾਂਦੇ ਹਨ ਤਾਂ ਸਰਕਾਰੀ ਸੰਸਥਾਨ ‘ਚ ਉਸ ਦੇ ਟੈਸਟ ਕੀਤੇ ਜਾਣਗੇ ਅਤੇ ਅਜਿਹੇ ਵਿਅਕਤੀਆਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਐਸ. ਏ. ਐੱਸ. ਨਗਰ ਗਿਰੀਸ਼ ਦਿਆਲਨ ਨੇ ਦਿੱਤੇ।
ਉਨ੍ਹਾਂ ਨੇ ਸਾਰੇ ਸੁਪਰਵਾਈਜ਼ਿੰਗ ਅਧਿਕਾਰੀਆਂ, ਨਿਗਰਾਨੀ ਅਧਿਕਾਰੀਆਂ ਅਤੇ ਰੈਪਿਡ ਰਿਸਪਾਂਸ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਅਜਿਹੇ ਸਾਰੇ ਵਿਅਕਤੀਆਂ ‘ਤੇ ਤਿੱਖੀ ਨਜ਼ਰ ਰੱਖਣ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਲੱਛਣਾਂ ਵਾਲੇ ਵਿਅਕਤੀ ਨੂੰ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੇ ਘਰ ਦੇ ਬਾਹਰ ਇਕ ਕੁਆਰੰਟਾਈਨ ਬੋਰਡ ਲਾ ਕੇ ਘਰ ‘ਚ ਕੁਆਰੰਟਾਈਨ ਕੀਤਾ ਜਾਵੇ। ਡੀ. ਐਮ. ਨੇ ਹੁਕਮ ਦਿੱਤਾ ਕਿ ਪੁਲਸ ਅਤੇ ਸਿਹਤ ਵਿਭਾਗ ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਵੇ ਅਤੇ ਸਿਵਲ ਸਰਜਨ ਰੋਜ਼ਾਨਾ ਰਿਪੋਰਟ ਤਿਆਰ ਕਰਨ। ਅਜਿਹਾ ਕੋਵਿਡ-19 ਦੇ ਫੈਲਣ ਨੂੰ ਰੋਕਣ ਅਤੇ ਇਸ ਦੀ ਰੋਕਥਾਮ ਦੇ ਮਕਸਦ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ ਹੈ।