ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ, ਜਿਸ ਅਧੀਨ ਜ਼ਿਲ੍ਹਿਆਂ ਤੇ ਰਾਜਾਂ ਦੇ ਅਧਿਕਾਰੀਆਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਕੋਵਿਡ–19 ਦੀ ਰੋਕਥਾਮ ਲਈ ਅਪਣਾਈ ਗਈ ਰਣਨੀਤੀ ਮੋਟੇ ਤੌਰ ’ਤੇ ਕੋਰੋਨਾ–ਵਾਇਰਸ ਦੀ ਵੱਧ ਲਾਗ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰ ਕੇ ਰੋਕਥਾਮ ਦੇ ਉਪਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਆਲੇ–ਦੁਆਲੇ ਘੁੰਮਦੀ ਹੈ।
ਇਸ ਦਾ ਮਤਲਬ ਹੈ ਕਿ ਕੋਰੋਨਾ–ਵਾਇਰਸ ਦੀ ਲਾਗ ਵਾਲੇ ਹੌਟ–ਸਪੌਟ ਇਲਾਕਿਆਂ ’ਤੇ ਪੂਰਾ ਫ਼ੋਕਸ ਹੀ ਇਸ ਨਵੀਂ ਸਰਕਾਰੀ ਰਣਨੀਤੀ ਦਾ ਧੁਰਾ ਹੈ।
ਇਸ ਤੋਂ ਇਲਾਵਾ ਪੂਰੀ ਸਰਗਰਮੀ ਨਾਲ ਕੋਰੋਨਾ–ਵਾਇਰਸ ਦੀ ਲਾਗ ਵਾਲੇ ਵਿਅਕਤੀਆਂ ਦੀ ਭਾਲ਼ ਕਰ ਕੇ, ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਪਤਾ ਲਾਉਣਾ, ਉਨ੍ਹਾਂ ਨੂੰ ਕੁਆਰੰਟੀਨ ਕਰਨਾ, ਇਲਾਜ ਦਾ ਪ੍ਰਬੰਧ ਤੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣਾ ਵੀ ਇਸ ਰਣਨੀਤੀ ਦਾ ਹਿੱਸਾ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਸਾਰੇ ਸ਼ੱਕੀ ਰੋਗੀਆਂ ਦੇ ਨਮੂਨਿਆਂ ਦੀ ਜਾਂਚਾ ਵੀ ਕਰਵਾ ਰਹੀ ਹੈ, ਭਾਵੇਂ ਉਨ੍ਹਾਂ ’ਚ ਲੱਛਣ ਦਿਸਦੇ ਹੋਣ ਜਾਂ ਨਹੀਂ। ਇਸ ਤੋਂ ਇਲਾਵਾ ਇਸ ਵਾਇਰਸ ਦੀ ਲਾਗ ਦੀ ਲਪੇਟ ’ਚ ਆਉਣ ਵਾਲੇ ਸ਼ੱਕੀਆਂ ਤੇ ਗੰਭੀਰ ਸਾਹ ਰੋਗਾਂ ਨਾਲ ਜੂਝ ਰਹੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਉੱਧਰ ਹੌਟ–ਸਪੌਟ ਰੈੱਡ ਜ਼ੋਨ ਵਾਲੇ ਜ਼ਿਲ੍ਹਿਆਂ ਜਾਂ ਸ਼ਹਿਰਾਂ ’ਚ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਉਣ ਜਾਂ ਪਹਿਲਾਂ ਤੋਂ ਹੀ ਪਾਜ਼ਿਟਿਵ ਮਰੀਜ਼ਾਂ ਦੀ ਭਾਰੀ ਗਿਣਤੀ ਹੋਣ ਕਾਰਨ ਇਨ੍ਹਾਂ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ। ਪਾਜ਼ਿਟਿਵ ਮਰੀਜ਼ਾਂ ਦੀ ਵੱਧ ਗਿਣਤੀ ਵਾਲੇ ਇਲਾਕਿਆਂ ’ਚ ਆਵਾਜਾਈ ਨੂੰ ਲੈ ਕੇ ਸਖ਼ਤੀ ਵਰਤੀ ਜਾਵੇਗੀ।
ਗ੍ਰਹਿ ਮੰਤਰਾਲੇ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਸਾਰੇ ਵਾਹਨਾਂ ਦੀ ਆਵਾਜਾਈ, ਜਨਤਕ ਆਵਾਜਾਈ ਅਤੇ ਕਿਸੇ ਵੀ ਵਿਅਕਤੀ ਦੇ ਪੈਦਲ ਇਨ੍ਹਾਂ ਇਲਾਕਿਆਂ ’ਚੋਂ ਬਾਹਰ ਨਿੱਕਲਣ ’ਤੇ ਪਾਬੰਦੀ ਰਹੇਗੀ। ਇਨ੍ਹਾਂ ਇਲਾਕਿਆਂ ਤੋਂ ਬਾਹਰ ਜਾਣ ਵਾਲੇ ਲੋਕਾਂ ਦਾ ਵੇਰਵਾ ਰੋਗ ਨਿਗਰਾਨੀ ਪ੍ਰੋਗਰਾਮ ਅਧੀਨ ਦਰਜ ਕੀਤਾ ਜਾਵੇਗਾ ਤੇ ਉਸ ਉੱਤੇ ਨਜ਼ਰ ਰੱਖੀ ਜਾਵੇਗੀ।
ਇੱਥੇ ਵਰਨਣਯੋਗ ਹੈ ਕਿ 14 ਅਪ੍ਰੈਲ ਤੱਕ ਦੇਸ਼ ਭਰ ਦੇ ਕੁੱਲ 207 ਜ਼ਿਲ੍ਹਿਆਂ ਵਿੱਚ ਕੋਰੋਨਾ–ਪਾਜ਼ਿਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹੜੇ ਸੰਭਾਵੀ ਹੌਟ–ਸਪੌਟ ਹੋ ਸਕਦੇ ਹਨ। ਇਸ ਤੋਂ ਇਲਾਵਾ ਅਹਿਤਿਆਤ ਵਜੋਂ ਘਰ–ਘਰ ਜਾ ਕੇ ਸ਼ੱਕੀ ਰੋਗੀਆਂ ਦਾ ਪਤਾ ਲਾਉਣ ਲਈ ਚੋਣਵੇਂ ਸਿਹਤ ਕਰਮਚਾਰੀ ਹਰ ਰੋਜ਼ ਔਸਤਨ 50 ਘਰਾਂ ’ਚ ਵੀ ਜਾ ਰਹੇ ਹਨ।
ਆਸ਼ਾ, ਆਂਗਨਵਾੜੀ ਕਾਰਕੁੰਨ ਤੇ ਏਐੱਨਐੱਮ ਅਤੇ ਰੈੱਡ ਕ੍ਰਾੱਸ, ਐੱਨਐੱਸਐੱਸ, ਐੱਨਵਾਇਕੇ ਅਤੇ ਆਯੁਸ਼ ਦੇ ਵਿਦਿਆਰਥੀ ਵੀ ਇਸ ਕੰਮ ’ਚ ਲੱਗੇ ਹਨ।