ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਅਰਥ–ਵਿਵਸਥਾ ਨੂੰ ਤੇਜ਼ੀ ਦੇਣ ਲਈ ਕਈ ਵੱਡੇ ਐਲਾਨ ਕੀਤੇ। ਲੌਕਡਾਊਨ ’ਚ ਦੂਜੀ ਵਾਰ ਰਾਹਤ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਰਿਵਰਸ ਰੈਪੋ ਰੇਟ ’ਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕੀਤੀ ਗਈ ਹੈ।
ਰਿਵਰਸ ਰੈਪੋ ਰੈਟ ਨੂੰ 4 ਫ਼ੀ ਸਦੀ ਘਟਾ ਕੇ 3.75 ਕਰ ਦਿੱਤਾ ਗਿਆ ਹੈ। ਰਿਵਰਸ ਰੈਪੋ ਦਰ ਘਟਣ ਨਾਲ ਬੈਂਕ ਆਪਣੀ ਨਕਦੀ ਨੂੰ ਤੁਰੰਤ ਰਿਜ਼ਰਵ ਬੈਂਕ ਕੋਲ ਰੱਖਣ ਲਈ ਘੱਟ ਇੱਛੁਕ ਹੋਣਗੇ।
ਇਸ ਨਾਲ ਉਨ੍ਹਾਂ ਕੋਲ ਨਕਦੀ ਦੀ ਉਪਲਬਧਤਾ ਵਧੇਗੀ। ਬੈਂਕ ਅਰਥ–ਵਿਵਸਥਾ ਦੇ ਉਤਪਾਦਕ ਖੇਤਰਾਂ ਨੂੰ ਵੱਧ ਕਰਜ਼ਾ ਦੇਣ ਲਈ ਉਤਸ਼ਾਹਿਤ ਹੋਣਗੇ।
ਕੋਰੋਨਾ ਵਾਇਰਸ ਕਾਰਨ ਹੁਣ ਰਿਵਰਸ ਰੈਪੋ ਰੇਟ ਵਿੱਚ ਇੱਕ ਮਹੀਨੇ ਅੰਦਰ ਦੂਜੀ ਵਾਰ ਕਟੌਤੀ ਕੀਤੀ ਗਈ ਹੈ। ਬੀਤੀ 27 ਮਾਰਚ ਨੂੰ ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਰੇਟ ਵਿੱਚ 90 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ।
ਤਦ ਰੈਪੋ ਰੇਟ ’ਚ ਵੀ 75 ਬੇਸਿਸ ਪੁਆਇੰਟ ਦੀ ਕਮੀ ਕੀਤੀ ਗਈ ਸੀ। ਰੈਪੋ ਰੇਟ ਨੂੰ 4.4 ਫ਼ੀ ਸਦੀ ਉੱਤੇ ਜਿਉਂ ਦੀ ਤਿਉਂ ਰੱਖਿਆ ਗਿਆ ਹੈ।
ਦਿਨ ਭਰ ਦੇ ਕੰਮਕਾਜ ਤੋਂ ਬਾਅਦ ਬੈਂਕਾਂ ਕੋਲ ਜੋ ਰਕਮ ਬਚ ਜਾਂਦੀ ਹੈ, ਉਸ ਨੂੰ ਭਾਰਤੀ ਰਿਜ਼ਰਵ ਬੈਂਕ ’ਚ ਰੱਖ ਦਿੰਦੇ ਹਨ। ਇਸ ਰਕਮ ਉੱਤੇ ਰਿਜ਼ਰਵ ਬੈਂਕ ਉਨ੍ਹਾਂ ਨੂੰ ਵਿਆਜ ਦਿੰਦਾ ਹੈ।
ਭਾਰਤੀ ਰਿਜ਼ਰਵ ਬੈਂਕ ਇਸ ਰਕਮ ਉੱਤੇ ਜਿਸ ਦਰ ਨਾਲ ਬੈਂਕਾਂ ਨੂੰ ਵਿਆਜ ਦਿੰਦਾ ਹੈ, ਉਸੇ ਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਸਿਸਟਮ ਵਿੱਚ ਤਰਲਤਾ ਵਧਾਉਣ ਲਈ ਉਪਾਵਾਂ ਦਾ ਐਲਾਨ ਕਰਦਿਆਂ ਐੱਮਐੱਫ਼ਆਈ ਤੇ ਗ਼ੈਰ–ਬੈਂਕਿੰਗ ਖੇਤਰ ਲਈ 50 ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਟੀਚਾਗਤ ਲੰਮੇ ਸਮੇਂ ਲਈ ਰੈਪੋ ਚਾਲਨ ਰਾਹੀਂ ਇਹ ਮਦਦ ਦਿੱਤੀ ਜਾਵੇਗੀ।
ਨਾਬਾਰਡ, ਸਿਡਬੀ ਤੇ ਹਾਊਸਿੰਗ ਬੈਂਕ ਨੂੰ ਵੀ 50 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਜਾਵੇਗੀ। 25 ਹਜ਼ਾਰ ਕਰੋੜ ਨਾਬਾਰਡ ਨੂੰ ਦਿੱਤੇ ਜਾਣਗੇ। 15 ਹਜ਼ਾਰ ਕਰੋੜ ਰੁਪਏ ਸਿਡਬੀ ਨੂੰ ਦਿੱਤੇ ਜਾਣਗੇ। 10 ਹਜ਼ਾਰ ਕਰੋੜ ਰੁਪਏ ਨੈਸ਼ਨਲ ਹਾਊਸਿੰਗ ਬੈਂਕ ਨੂੰ ਦਿੱਤੇ ਜਾਣਗੇ।