ਕੋਰੋਨਾ–ਲੌਕਡਾਊਨ ਤੇ ਕਰਫ਼ਿਊ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਇਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਬਜ਼ੀਆਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਰਹੀ ਹੈ। ਸਬਜ਼ੀ ਮੰਡੀਆਂ ’ਚ ਸਬਜ਼ੀਆਂ ਦੀ ਮੰਗ ਬਹੁਤ ਘਟ ਗਈ ਹੈ।
ਖ਼ਬਰ ਏਜੰਸੀ ਏਐੱਨਆਈ ਨੇ ਲੁਧਿਆਣਾ ਦੀ ਥੋਕ ਸਬਜ਼ੀ ਮੰਡੀ ਦੇ ਹਾਲਾਤ ਸਾਹਮਣੇ ਲਿਆਂਦੇ ਹਨ। ਇੱਕ ਕਿਸਾਨ ਨੇ ਦੱਸਿਆ ਕਿ ਸਰਕਾਰ ਨੇ 95 ਵਾਹਨਾਂ ਦੀ ਇਜਾਜ਼ਤ ਦਿੱਤੀ ਸੀ ਪਰ ਸਬਜ਼ੀ ਮੰਡੀ ਅੰਦਰ ਸਿਰਫ਼ 25 ਤੋਂ 30 ਵਾਹਨ ਦਾਖ਼ਲ ਹੋਣ ਦਿੱਤੇ ਗਏ ਹਨ।
ਇਸ ਕਾਰਨ ਕਿਸਾਨਾਂ ਦੀਆਂ ਬਹੁਤੀਆਂ ਸਬਜ਼ੀਆਂ ਖ਼ਰਾਬ ਹੋ ਰਹੀਆਂ ਹਨ।
ਦੇਸ਼ ’ਚ ਇਸ ਵੇਲੇ 21 ਦਿਨਾਂ ਦਾ ਲੌਕਡਾਊਨ ਲਾਗੂ ਹੈ; ਜਿਸ ਦੇ 15 ਅਪ੍ਰੈਲ ਨੂੰ ਖੁੱਲ੍ਹਣ ਦਾ ਅਨੁਮਾਨ ਹੈ। ਇਸ ਲੌਕਡਾਊਨ ਕਾਰਨ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਹਦਾਇਤ ਹੈ। ਪੰਜਾਬ ਦੇ ਕੁਝ ਸ਼ਹਿਰਾਂ ’ਚ ਪੁਲਿਸ ਹੁਣ ਨਿਗਰਾਨਾ ਲਈ ਡ੍ਰੋਨ ਵੀ ਵਰਤ ਰਹੀ ਹੈ। ਉੱਤਰ ਪ੍ਰਦੇਸ਼ ’ਚ ਵੀ ਪੁਲਿਸ ਡ੍ਰੋਨ ਵਰਤ ਰਹੀ ਹੈ।
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਪੁਲਿਸ ਹੁਣ ਮੁੱਖ ਹਾਈਵੇਅ ਉੱਤੇ ਹੀ ਨਹੀਂ, ਸਗੋਂ ਗਲ਼ੀਆਂ ਅੰਦਰ ਵੀ ਲੋਕਾਂ ਉੱਤੇ ਨਜ਼ਰ ਰੱਖ ਰਹੀ ਹੈ। ਗ਼ਾਜ਼ੀਆਬਾਦ ’ਚ ਪੁਲਿਸ ਹੁਣ ਡ੍ਰੋਨ ਕੈਮਰੇ ਨਾਲ ਨਿਗਰਾਨੀ ਕਰ ਰਹੀ ਹੈ ਤੇ ਇੰਝ ਲੌਕਡਾਊਨ ਦੀ ਪਾਲਣਾ ਕਰਵਾ ਰਹੀ ਹੈ।
ਪੰਜਾਬ ਦੀਆਂ ਗਲ਼ੀਆਂ–ਮੁਹੱਲਿਆਂ ’ਚ ਵੀ ਪੁਲਿਸ ਹੁਣ ਡ੍ਰੋਨਜ਼ ਰਾਹੀਂ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਚੌਕਸ ਨਜ਼ਰ ਰੱਖ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਕੁਝ ਗੀਤ ਬਣਾ ਕੇ ਵੀ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪ੍ਰੇਰਿਤ ਕੀਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਅਜਿਹੇ ਕੁਝ ਗੀਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੇ ਹਨ।