ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ (67) ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੂੰ ਬੀਤੀ 30 ਮਾਰਚ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ (ਐਸਜੀਆਰਡੀ) ਤੋਂ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਰੈਫ਼ਰ ਕੀਤਾ ਦਿੱਤਾ ਗਿਆ ਸੀ। ਉਦੋਂ ਉਨ੍ਹਾਂ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਲੱਛਣ ਪਾਏ ਗਏ ਹਨ। ਇਹ ਜਾਣਕਾਰੀ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਭਾਈ ਨਿਰਮਲ ਸਿੰਘ ਨੂੰ ਖੰਘ, ਬੁਖਾਰ ਦੇ ਨਾਲ-ਨਾਲ ਸਾਹ ਲੈਣ ‘ਚ ਤਕਲੀਫ ਸੀ। ਹਸਪਤਾਲ ਦੇ ਡਾਕਟਰਾਂ ਵਲੋਂ ਉਨ੍ਹਾਂ ਦੀ ਸਕਰੀਨਿੰਗ ਕਰਕੇ ਟੈਸਟਿੰਗ ਲਈ ਬਲੱਡ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਸੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਚਾਲਿਤ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ‘ਚ ਉਹ ਕੁਝ ਦਿਨ ਇਲਾਜ ਅਧੀਨ ਰਹੇ। ਉਨ੍ਹਾਂ ਨੇ ਡਾਕਟਰਾਂ ਤੋਂ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ। ਇੱਥੇ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਡਾ. ਸੁਜਾਤਾ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਉਨ੍ਹਾਂ ਦੀ ਟਰੈਵਲ ਹਿਸਟਰੀ ਦਾ ਪਤਾ ਲਗਾ ਰਹੀ ਹੈ। ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਆਈਸੋਲੇਟ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
ਸੂਤਰਾਂ ਅਨੁਸਾਰ ਭਾਈ ਨਿਰਮਲ ਸਿੰਘ ਨੇ ਹਾਲ ਹੀ ‘ਚ ਚੰਡੀਗੜ੍ਹ ਤੇ ਦਿੱਲੀ ਵਿੱਚ ਧਾਰਮਿਕ ਸਮਾਗਮਾਂ ‘ਚ ਹਿੱਸਾ ਲਿਆ ਸੀ ਅਤੇ ਕੀਰਤਨ ਵੀ ਕੀਤਾ ਸੀ। ਹਾਲਾਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਨੇ ਹਰਿਮੰਦਰ ਸਾਹਿਬ ਵਿਖੇ ਕੀਰਤਨ ਨਹੀਂ ਕੀਤਾ ਸੀ। ਸਿਹਤ ਵਿਭਾਗ ਦੀ ਟੀਮ ਇਸ ਮੌਕੇ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਦੀ ਰਿਹਾਇਸ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਦੀ ਸੈਨੇਟਾਈਜੇਸ਼ਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਵਿਭਾਗ ਵੱਲੋਂ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁਲ ਪਾਜੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ। ਅੱਜ ਬੁੱਧਵਾਰ ਨੂੰ 5 ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ।