ਪੰਜਾਬ ਦੇ ਸਿਹਤ ਵਿਭਾਗ ਨੇ ‘ਇੰਟੈਗ੍ਰੇਟਿਡ ਚੈੱਕ ਪੋਸਟ’ (ICP) ਦੇ ਉਨ੍ਹਾਂ ਦੋ ਅਧਿਕਾਰੀਆਂ ਨੂੰ ਕੁਆਰੰਟਾਇਨ ਭਾਵ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਹੈ; ਜਿਨ੍ਹਾਂ ਨੇ ਉਨ੍ਹਾਂ ਦੋ ਪਾਕਿਸਤਾਨੀ ਨਾਗਰਿਕਾਂ ਦੀ ਚੈਕਿੰਗ ਕੀਤੀ ਸੀ; ਜਿਹੜੇ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ।
ਇੱਥੇ ਵਰਨਣਯੋਗ ਹੈ ਕਿ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਲੰਘੇ ਐਤਵਾਰ ਭਾਰਤ ਤੋਂ ਉਨ੍ਹਾਂ ਦੇ ਵਤਨ ਵਾਪਸ ਭੇਜਿਆ ਗਿਆ ਸੀ; ਉਨ੍ਹਾਂ ਵਿੱਚੋਂ ਹੀ ਦੋ ਨੂੰ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ। ਇਹ ਪਾਕਿਸਤਾਨੀ ਐਤਵਾਰ ਨੂੰ ਅਟਾਰੀ–ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤੇ ਸਨ।
ਪੰਜ ਪਾਕਿਸਤਾਨੀ ਦਰਅਸਲ ਮੈਡੀਕਲ ਵੀਜ਼ਿਆਂ ‘ਤੇ ਭਾਰਤ ਆਏ ਸਨ। ਉਨ੍ਹਾਂ ਦੇ ਨਾਂਅ ਹਨ ਚੌਧਰੀ ਮੁਹੰਮਦ ਅਸ਼ਫ਼ਾਕ, ਮੁਹੰਮਦ ਆਸਿਫ਼, ਨਿਕਹਤ ਮੁਖਤਾਰ, ਯਾਸਿਰ ਮੁਖਤਾਰ ਤੇ ਮੁਹੰਮਦ ਖਾਲਿਦ।
ਇਨ੍ਹਾਂ ‘ਚੋਂ ਚੌਧਰੀ ਮੁਹੰਮਦ ਅਸ਼ਫ਼ਾਕ ਦਾ ਨਵੀਂ ਦਿੱਲੀ ਸਥਿਤ ਫ਼ੌਰਟਿਸ ਹਸਪਤਾਲ ‘ਚ ਫ਼ਾਲੋ–ਅੱਪ ਮੈਡੀਕਲ ਇਲਾਜ ਹੋਣਾ ਸੀ ਤੇ ਮੁਹੰਮਦ ਆਸਿਫ਼ ਨੇ ਉਸ ਦੀ ਦੇਖਭਾਲ ਕਰਨੀ ਸੀ। ਇੰਝ ਹੀ ਨਿਕਹਤ ਮੁਖਤਾਰ ਦਾ ਨੌਇਡਾ ਸਥਿਤ ਫ਼ੌਰਟਿਸ ਹਸਪਤਾਲ ‘ਚ ਜਿਗਰ (ਲਿਵਰ) ਟ੍ਰਾਂਸਪਲਾਂਟ ਹੋਣਾ ਸੀ ਤੇ ਯਾਸਿਰ ਮੁਖਤਾਰ ਨੇ ਉਸ ਦੀ ਦੇਖਭਾਲ ਕਰਨੀ ਸੀ। ਉਨ੍ਹਾਂ ਨਾਲ ਮੁਹੰਮਦ ਖਾਲਿਦ ਨੇ ਆਪਣੇ ਜਿਗਰ ਦਾ ਕੁਝ ਹਿੱਸਾ ਦਾਨ ਕਰਨਾ ਸੀ। ਇਹ ਸਾਰੇ ਮੈਡੀਕਲ ਵੀਜ਼ਾ ਦੇ ਆਧਾਰ ‘ਤੇ ਭਾਰਤ ਆਏ ਹੋਏ ਸਨ।
ਪਾਕਿਸਤਾਨੀ ਮੀਡੀਆ ਮੁਤਾਬਕ ਯਾਸਿਰ ਮੁਖਤਾਰ ਤੇ ਮੁਹੰਮਦ ਖਾਲਿਦ ਦਾ ਪਾਕਿਸਤਾਨ ‘ਚ ਜਦੋਂ ਟੈਸਟ ਹੋਇਆ, ਤਾਂ ਉਹ ਦੋਵੇਂ ਕੋਰੋਨਾ–ਪਾਜ਼ਿਟਿਵ ਪਾਏ ਗਏ ਤੇ ਉਨ੍ਹਾਂ ਨੂੰ ਲਾਹੌਰ ਦੇ ਸਰਵਿਸ ਹਸਪਤਾਲ ‘ਚ ਬਿਲਕੁਲ ਇਕੱਲੇ–ਕਾਰੇ ਵਾਰਡ ‘ਚ ਰੱਖਿਆ ਗਿਆ ਹੈ।
ਚੇਤੇ ਰਹੇ ਕਿ ਇਨ੍ਹਾਂ ਪੰਜ ਪਾਕਿਸਤਾਨੀਆਂ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਵਤਨ ਪਰਤਣ ਦੀ ਖਾਸ ਮਨਜ਼ੂਰੀ ਦਿੱਤੀ ਸੀ। ਇਹ ਮਨਜ਼ੂਰੀ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੀ ਲਿਖਤੀ ਬੇਨਤੀ ‘ਤੇ ਦਿੱਤੀ ਗਈ ਸੀ।
ਪਾਕਿਸਤਾਨੀ ਸਫ਼ਾਰਤਖਾਨੇ ਨੇ ਬੀਤੀ 26 ਮਾਰਚ ਨੂੰ ਲਿਖੀ ਆਪਣੀ ਚਿੱਠੀ ‘ਚ ਕਿਹਾ ਸੀ ਕਿ ਉਸ ਦੇ ਦੇਸ਼ ਦੇ ਪੰਜ ਨਾਗਰਿਕ ਦਿੱਲੀ ‘ਚ ਲੌਕਡਾਊਨ ਕਾਰਨ ਫਸ ਗਏ ਹਨ।
ਇਸ ਤੋਂ ਬਾਅਦ ਇੱਕ ਖਾਸ ਐਂਬੂਲੈਂਸ ‘ਚ ਉਨ੍ਹਾਂ ਪਹਿਲਾਂ ਨੌਇਡਾ ਤੋਂ ਦਿੱਲੀ ਤੇ ਫਿਰ ਅਟਾਰੀ ਲਿਆਂਦਾ ਗਿਆ ਸੀ। ਐਂਬੂਲੈਂਸ ਉਨ੍ਹਾਂ ਨੂੰ ਲੈ ਕੇ ਸਨਿੱਚਰਵਾਰ ਦੀ ਰਾਤ ਨੂੰ ਅਟਾਰੀ ਪੁੱਜੀ ਸੀ। ਅਟਾਰੀ ਸਥਿਤ ICP ‘ਤੇ ਦੋ ਭਾਰਤੀ ਕਸਟਮ ਅਧਿਕਾਰੀਆਂ ਨੇ ਉਨ੍ਹਾਂ ਦੀ ਚੈਕਿੰਗ ਕੀਤੀ ਸੀ। ਉਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਰੱਖ ਕੇ ਹੁਣ ਕੁਆਰੰਟਾਇਨ ਕੀਤਾ ਗਿਆ ਹੈ। ਉਨ੍ਹਾਂ ਦੇ ਨਿਯਮਤ ਤੌਰ ਉੱਤੇ ਮੈਡੀਕਲ ਚੈੱਕਅਪ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਬੀਤੀ 14 ਮਾਰਚ ਨੂੰ ਭਾਰਤ ਨੇ ਪਾਕਿਸਤਾਨ ਨਾਲ ਅਟਾਰੀ–ਵਾਹਗਾ ਸਰਹੱਦ ਉੱਤੇ ਹੋਣ ਵਾਲਾ ਕਾਰੋਬਾਰ ਬੰਦ ਕਰ ਦਿੱਤਾ ਸੀ ਤੇ ਆਮ ਯਾਤਰੂਆਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਸੀ। ਸਿਰਫ਼ ਕੂਟਨੀਤਕਾਂ, ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਜੱਥੇਬੰਦੀਆਂ ਦੇ ਅਧਿਕਾਰੀਆਂ ਨੂੰ ਹੀ ਇਹ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੈ।