ਜਲੰਧਰ— ਕਰੇਲੇ ਖਾਣ ‘ਚ ਭਾਵੇ ਕੌੜੇ ਹੁੰਦੇ ਹਨ ਪਰ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਕੌੜੇ ਹੋਣ ਕਰਕੇ ਕਰੇਲੇ ਖਾਣਾ ਹਰ ਕੋਈ ਪਸੰਦ ਨਹੀਂ ਕਰਦਾ ਹੈ। ਇਹ ਡਾਇਬੀਟੀਜ਼ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੇ ਹਨ। ਕਰੇਲਿਆਂ ‘ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਪਾਏ ਜਾਂਦੇ ਹਨ। ਕਰੇਲਿਆਂ ਨੂੰ ਸਬਜੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲੇ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਸਕਿਨ ਰੋਗਾਂ ਤੋਂ ਦੇਵੇ ਮੁਕਤੀ
ਕਰੇਲੇ ਸਕਿਨ ਦੇ ਰੋਗਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਕਰੇਲਿਆਂ ਨੂੰ ਪੀਸ ਕੇ ਉਸ ਦਾ ਲੇਪ ਫੋੜੇ-ਮੁਹਾਸੇ ਅਤੇ ਦਾਦ-ਖੁਜਲੀ ਆਦਿ ‘ਤੇ ਲਗਾਉਣਾ ਲਾਭਕਾਰੀ ਹੁੰਦਾ ਹੈ।
ਬੁਖਾਰ ਤੋਂ ਮਿਲੇ ਰਾਹਤ
ਕਰੇਲਿਆਂ ਦੀ ਵਰਤੋਂ ਬੁਖਾਰ ਦੌਰਾਨ ਕਰਨ ਨਾਲ ਬੁਖਾਰ ਤੋਂ ਰਾਹਤ ਮਿਲਦੀ ਹੈ।ਇਸ ਦੇ ਨਾਲ ਹੀ ਗਰਮੀ ‘ਚ ਹੋਣ ਵਾਲੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਕਰੇਲੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪੀਲੀਏ ਦੇ ਮਰੀਜ਼ਾਂ ਲਈ ਲਾਹੇਵੰਦ
ਕਰੇਲੇ ਪੀਲੀਏ ਦੇ ਮਰੀਜ਼ਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ ‘ਚ ਕਰੇਲੇ ਨੂੰ ਪੀਸ ਕੇ ਪਾਣੀ ‘ਚ ਮਿਲਾ ਕੇ ਖਾਣਾ ਚਾਹੀਦਾ ਹੈ।
ਡਾਇਬਟੀਜ਼ ਕਰੇ ਦੂਰ
ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਕਰੇਲੇ ਬੇਹੱਦ ਲਾਹੇਵੰਦ ਮੰਨੇ ਜਾਂਦੇ ਹਨ। ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ ‘ਚ ਪਾ ਕੇ ਉਬਾਲੋ। ਇਸ ਪਾਣੀ ‘ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਭੁੱਖ ਵਧਾਉਣ ‘ਚ ਸਹਾਇਕ
ਜਿਹੜੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਕਰੇਲੇ ਖਾਣੇ ਚਾਹੀਦੇ ਹਨ। ਕਰੇਲਾ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਕਰਕੇ ਭੁੱਖ ਵੱਧਦੀ ਹੈ।
ਦਮਾ ਦੇ ਰੋਗੀਆਂ ਲਈ ਲਾਹੇਵੰਦ
ਕਰੇਲੇ ਦਮਾ ਦੇ ਰੋਗੀਆਂ ਲਈ ਵੀ ਕਾਫੀ ਲਾਭਦਾਇਕ ਹੁੰਦੇ ਹਨ। ਦਮਾ ਹੋਣ ਦੀ ਸਥਿਤੀ ‘ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ।
ਮੂੰਹ ਦੇ ਛਾਲੇ ਕਰੇ ਦੂਰ
ਮੂੰਹ ਹੋਣ ਵਾਲੇ ਛਾਲਿਆਂ ਲਈ ਵੀ ਕਰੇਲੇ ਕਾਫੀ ਲਾਹੇਵੰਦ ਹੁੰਦੇ ਹਨ। ਇਸ ਸਮੱਸਿਆ ‘ਚ ਕਰੇਲੇ ਦਾ ਰਸ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ ‘ਤੇ ਵੀ ਲਗਾ ਸਕਦੇ ਹੋ।
ਪੇਟ ਦੇ ਕੀੜੇ
ਕਰੇਲੇ ਦੀਆਂ ਪੱਤੀਆਂ ਦੇ ਰਸ ਨਾਲ ਇਕ ਗਿਲਾਸ ਲੱਸੀ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਚਰਬੀ ਘੱਟ ਕਰੇ
ਘੱਟ ਤੇਲ ‘ਚ ਬਣੀ ਕਰੇਲੇ ਦੀ ਸਬਜੀ ਅਤੇ ਉਬਲਿਆ ਕਰੇਲੇ, ਕਰੇਲੇ ਦਾ ਜੂਸ ਸਰੀਰ ‘ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ ‘ਚ ਨਿੰਬੂ ਦੇ ਰਸ ਨਾਲ ਕਰੇਲੇ ਖਾਣ ਨਾਲ ਕਾਫੀ ਲਾਭ ਮਿਲਦਾ ਹੈ।