“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ ਮੈਡਲ ਜਿੱਤ ਚੁੱਕੀ ਹਾਂ। ਹਰ ਰੋਜ਼ ਪ੍ਰੈਕਟਿਸ ਕਰਦੀ ਹਾਂ ਪਰ ਖੁਰਾਕ ਲਈ ਪੈਸੇ ਨਹੀਂ ਹਨ। ਦੋ ਡੰਗ ਦੀ ਰੋਟੀ ਲਈ ਮਾਂ-ਬਾਪ ਖੇਤਾਂ ‘ਚ ਮਜ਼ਦੂਰੀ ਕਰਦੇ ਹਨ। ਉਹ ਮੈਨੂੰ ਵਾਜਬ ਖੁਰਾਕ ਨਹੀਂ ਦੇ ਸਕਦੇ। ਇਸ ਲਈ ਮੈਂ ਵੀ ਹਰ ਰੋਜ਼ ਖੇਤਾਂ ‘ਚ ਕੰਮ ਕਰਦੀ ਹਾਂ ਤੇ ਦਿਹਾੜੀ ਦੇ ਪੈਸਿਆਂ ਨਾਲ ਖੁਰਾਕ ਖਾਂਦੀ ਹਾਂ।”
ਇਹ ਕਹਿਣਾ ਹੈ ਦਸਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦਾ।
ਅਰਸ਼ਪ੍ਰੀਤ ਕੌਰ ਨੇ 7 ਸਾਲ ਪਹਿਲਾਂ ਤੇ ਬਾਰਵੀਂ ਪਾਸ ਕਰ ਚੁੱਕੀ ਸੰਦੀਪ ਕੌਰ ਨੇ 6 ਸਾਲ ਪਹਿਲਾਂ ਕੁਸ਼ਤੀਆਂ ਲੜਣ ਦੀ ਮੁਹਾਰਤ ਹਾਸਲ ਕਰਨੀ ਸ਼ੁਰੂ ਕੀਤੀ ਸੀ।
ਭਲਵਾਨੀ ਕਰਨ ਵਾਲੀਆਂ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਰਣਸੀਂਹ ਕਲਾਂ ਦੀਆਂ ਵਸਨੀਕ ਅਰਸ਼ਪ੍ਰੀਤ ਕੌਰ ਤੇ ਸੰਦੀਪ ਕੌਰ 53 ਕਿਲੋਗ੍ਰਾਮ ਭਾਰ ਵਰਗ ਤੋਂ ਲੈ ਕੇ 72 ਕਿਲੋਗ੍ਰਾਮ ਭਾਰ ਵਰਗ ਤੱਕ ਦੀਆਂ ਕੁਸ਼ਤੀਆਂ ਲੜ ਕੇ ਮੈਡਲ ਜਿੱਤ ਚੁੱਕੀਆਂ ਹਨ।
ਕੁਸ਼ਤੀਆਂ ਲੜ ਕੇ ਦੇਸ ਭਰ ‘ਚ ਨਮਣਾ ਖੱਟਣ ਵਾਲੀਆਂ ਕੁੜੀਆਂ ਨੂੰ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ ਹੈ।
ਕਿਸ ਗੱਲ ਦਾ ਝੋਰਾ
ਖੇਤਾਂ ‘ਚ ਦਿਹਾੜੀ ਕਰਕੇ ਹੀ ਸਹੀ, ਪਰ ਇਹ ਪਹਿਲਵਾਨ ਕੁੜੀਆਂ ਦਿਨ-ਰਾਤ ਮਿਹਨਤ ਕਰਕੇ ਆਪਣੇ ਹੁਨਰ ਨੂੰ ਹੋਰ ਚਮਕਾਉਣ ‘ਚ ਲੱਗੀਆਂ ਹੋਈਆਂ ਹਨ।
ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਦਿਹਾੜੀ ‘ਤੇ ਪਨੀਰੀ ਪੁੱਟਦੀਆਂ ਤੇ ਝੋਨਾਂ ਲਾਉਂਦੀਆਂ ਇਨਾਂ ਕੁੜੀਆਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਗੋਲਡ ਤੇ ਬਰਾਊਨ ਮੈਡਲ ਜਿੱਤਣ ਦੇ ਬਾਵਜੂਦ ਉਨਾਂ ਦੀ ਆਰਥਿਕ ਦਸ਼ਾ ਅਜਿਹੀ ਨਹੀਂ ਕਿ ਉਹ ਚੰਗੀ ਖੁਰਾਕ ਖਾ ਕੇ ਆਪਣੀ ਤਾਕਤ ਨੂੰ ਵਧਾ ਸਕਣ।
ਖਿਡਾਰਨਾਂ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਦਿਹਾੜੀ ‘ਤੇ ਪਨੀਰੀ ਪੁੱਟਦੀਆਂ ਤੇ ਝੋਨਾਂ ਲਾਉਂਦੀਆਂ ਹਨ
ਅਰਸ਼ਪ੍ਰੀਤ ਕੌਰ ਦੇ ਸ਼ਬਦ, “ਖੇਲੋ ਇੰਡੀਆ ‘ਚ ਮੈਂ ਕਾਂਸੀ ਮੈਡਲ ਜਿੱਤਿਆ ਸੀ। ਇਸ ਵੇਲੇ ਐਲਾਨ ਹੋਇਆ ਸੀ ਕਿ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਪਰ ਇਸ ਐਲਾਨ ਨੂੰ ਵੀ ਹਾਲੇ ਤੱਕ ਬੂਰ ਨਹੀਂ ਪਿਆ।”
“ਇਕੱਲਾ ਝੋਨਾ ਹੀ ਨਹੀਂ, ਸਗੋਂ ਮੈਂ ਤਾਂ ਮੱਕੀ ਵੀ ਵੱਢੀ ਹੈ। ਹਰ ਸਾਲ ਆਪਣੇ ਮਾਪਿਆਂ ਨਾਲ ਕਣਕ ਵੱਢਣ ਵੀ ਜਾਂਦੀ ਹਾਂ। ਮਜ਼ਬੂਰੀ ਹੈ ਕੀ ਕਰਾਂ। ਘਰ ਦੀ ਗੁਰਬਤ ਕਰਕੇ ਪ੍ਰੈਕਟਿਸ ਵੀ ਸਵੇਰੇ 4 ਵਜੇ ਉੱਠ ਕੇ ਕਰਦੀ ਹਾਂ। ਦਿਨ-ਭਰ ਖੇਤਾਂ ‘ਚ ਕੰਮ ਕਰਕੇ ਥੱਕ-ਹਾਰ ਜਾਂਦੀ ਹਾਂ ਪਰ ਸ਼ਾਮ ਨੂੰ 7 ਵਜੇ ਪ੍ਰੈਕਟਿਸ ਕਰਨ ਲਈ ਫਿਰ ਅਖ਼ਾੜੇ ਜਾਂਦੀ ਹਾਂ।”