ਹੁਸ਼ਿਆਰਪੁਰ- ਪਿੰਡ ਡਗਾਨਾ ਕਲਾਂ ਨਿਵਾਸੀ ਗਗਨਦੀਪ ਸਿੰਘ ਧਾਮੀ ਨੂੰ ਭਾਰਤੀ ਏਅਰ ਫੋਰਸ ’ਚ ਫਾਈਟਰ ਪਾਇਲਟ ਬਣਨ ਦਾ ਗੌਰਵ ਹਾਸਲ ਹੋਇਆ ਹੈ। ਏਅਰ ਫੋਰਸ ਅਕੈਡਮੀ ਢੂੰਢੀਗਲ, ਹੈਦਰਾਬਾਦ ’ਚ ਟ੍ਰੇਨਿੰਗ ਉਪਰੰਤ ਆਯੋਜਿਤ ਪਾਸਿੰਗ ਆਊਟ ਪਰੇਡ ਮੌਕੇ 152 ਕੈਡਿਟਾਂ ਦੇ ਬੈਚ ਵਿਚ ਗਗਨਦੀਪ ਨੂੰ ਟਾਪਰ ਐਲਾਨ ਕੀਤਾ ਗਿਆ। ਏਅਰ ਚੀਫ਼ ਮਾਰਸ਼ਲ ਵੀ. ਐੱਸ. ਧਨੋਆ ਨੇ ਜਦੋਂ ਗਗਨਦੀਪ ਦੀ ਯੂਨੀਫਾਰਮ ’ਤੇ ਫਾਈਟਰ ਪਾਇਲਟ ਦਾ ਬੈਜ ਲਾ ਕੇ ਉਸ ਨੂੰ ਸਰਬੋਤਮ ਪਾਇਲਟ ਦੀ ਟਰਾਫੀ ਪ੍ਰਦਾਨ ਕੀਤੀ ਤਾਂ ਪਾਸਿੰਗ ਆਊਟ ਪਰੇਡ ਵਿਚ ਮੌਜੂਦ ਉਸਦੇ ਪਿਤਾ ਪੰਜਾਬ ਪੁਲਸ ਦੇ ਏ. ਐੱਸ. ਆਈ. ਦਲਵਿੰਦਰ ਸਿੰਘ ਧਾਮੀ, ਮਾਂ ਸਰਬਜੀਤ ਕੌਰ ਅਤੇ ਭੈਣ ਸਿਮਰਨ ਕੌਰ ਖੁਸ਼ੀ ਨਾਲ ਗਦਗਦ ਹੋ ਰਹੀ ਸੀ। ਮਾਤਾ-ਪਿਤਾ ਨੇ ਕਿਹਾ ਕਿ ਐੱਨ. ਡੀ. ਏ. ਪ੍ਰਤੀਯੋਗੀ ਪ੍ਰੀਖਿਆ ਵਿਚ ਜਦੋਂ ਗਗਨਦੀਪ ਨੂੰ ਦੇਸ਼ ਭਰ ਵਿਚੋਂ 238ਵਾਂ ਰੈਂਕ ਮਿਲਿਆ ਤਾਂ ਉਦੋਂ ਹੀ ਉਸਨੇ ਠਾਣ ਲਿਆ ਸੀ ਕਿ ਉਹ ਏਅਰ ਫੋਰਸ ਪਾਇਲਟ ਬਣ ਕੇ ਦੇਸ਼ ਦੀ ਸੇਵਾ ਕਰੇਗਾ। ਉਸਦੇ ਲਾਡਲੇ ਨੇ ਆਪਣੇ ਉਦੇਸ਼ ਦੀ ਪੂਰਤੀ ਕਰ ਕੇ ਪਿੰਡ ਦਾ ਨਾਂ ਚਮਕਾਇਆ ਹੈ।
ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਚ 10ਵੀਂ ਕਰਨ ਤੋਂ ਬਾਅਦ ਗਗਨਦੀਪ ਨੇ ਪੰਜਾਬ ਆਰਮਡ ਫੋਰਸ ਇੰਸਟੀਚਿਊਟ ਮੋਹਾਲੀ ਵਿਚ 12ਵੀਂ ਦੀ ਪਡ਼੍ਹਾਈ ਦੇ ਨਾਲ-ਨਾਲ ਚੰਡੀਗਡ਼੍ਹ ਵਿਚ ਹੀ ਐੱਨ. ਡੀ. ਏ. ਦੀ ਕੋਚਿੰਗ ਲਈ ਸੀ। ਪਾਸਿੰਗ ਆਊਟ ਪਰੇਡ ਤੋਂ ਵਾਪਸ ਆਏ ਉਸਦੇ ਮਾਤਾ-ਪਿਤਾ ਨੇ ਦੱਸਿਆ ਕਿ ਬੇਟੇ ਨੂੰ ਪਾਇਲਟ ਦੀ ਯੂਨੀਫਾਰਮ ਵਿਚ ਦੇਖ ਕੇ ਸਾਨੂੰ ਲਾਡਲੇ ’ਤੇ ਮਾਣ ਮਹਿਸੂਸ ਹੋਇਆ ਹੈ। ਗਗਨਦੀਪ ਦੇ ਦਾਦਾ ਗੁਰਮੀਤ ਸਿੰਘ ਧਾਮੀ ਅਤੇ ਦਾਦੀ ਸੁਰਿੰਦਰ ਕੌਰ ਨੇ ਇਸ ਵੱਡੀ ਸਫਲਤਾ ਨੂੰ ਵਾਹਿਗੁਰੂ ਦੀ ਕਿਰਪਾ ਦੱਸਿਆ।