ਅਸੀਂ ਆਪਣੇ ਇਸ ਪੰਨੇ ਰਾਹੀਂ ਜਿੰਨਾ ਪੰਜਾਬੀ ਪਾਠਕਾਂ ਨੂੰ ਮੁਖ਼ਾਤਬ ਹੋ ਰਹੇ ਹਾਂ ਉਹ ਹਰ ਹਿੰਸਕ ਕਾਰਵਾਈ ਤੋਂ ਬਾਅਦ ਉਸ ਘਟਨਾ ਵਿੱਚ ਧਰਮ ਅਤੇ ਧਰਮੀਆਂ ਦਾ ਰੋਲ ਲੱਭਣ ਤੇ ਲੱਗ ਜਾਂਦੇ ਹਨ। ਫਿਰ ਸਰਕਾਰ ਜਾਂ ਮੀਡੀਆ ਕਿਸੇ ਧਾਰਮਿਕ ਸੰਗਠਨਾਂ ਵੱਲ ਇਸ਼ਾਰਾ ਕਰ ਦਿੰਦੀ ਹੈ ਤੇ ਅਸੀਂ ਲੋਕ ਮੰਨ ਲੈਂਦੇ ਹਾ । ਸਸਕੂਲਾਂ ਯੂਨੀਵਰਸਿਟੀਆਂ ਤੇ ਮੀਡੀਆ ਰਾਹੀਂ ਸਾਡੇ ਖਾਨੇ ਪਾਇਆ ਗਿਆ ਹੈ ਕਿ ਸਿਰਫ਼ ਧਰਮ ਹੀ ਪੁਆੜੇ ਤੇ ਲੜ੍ਹਾਈ ਦੀ ਜੜ੍ਹ ਹਨ ।
ਪਰ ਤੀਜੀ ਦੁਨੀਆਂ ਦੇ ਨਿੱਕੇ ਗਰੀਬ ਦੇਸ਼ਾਂ ਦੀ ਆਰਥਿਕਤਾ ਹਥਿਆਉਣ ਲਈ ਸਰਮਾਏਦਾਰ ਮੁਲਕ ਇੱਕ ਘਿਨਾਉਣੀ ਖੇਡ ਖੇਡ ਰਹੇ ਹਨ ਜਿਸ ਦਾ ਨਿਸ਼ਾਨਾ ਕੰਪਨੀਆਂ ਰਾਹੀਂ ਪੈਰਲਲ ਸਰਕਾਰ ਸਥਾਪਤ ਕਰਨਾ ਹੈ । ਅਜਿਹੇ ਕੰਮ ਲਈ “ਅੱਤਵਾਦੀਆਂ” ਅਤੇ “ਅੱਤਵਾਦੀ ਹਮਲਿਆਂ” ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅੱਤਵਾਦ ਨੂੰ ਕੁਚਲਣ ਲਈ ਸਰਮਾਏਦਾਰ ਮੁਲਕਾਂ ਦਾ ਗ਼ਰੀਬ ਦੇਸ਼ ਵਿੱਚ ਰਾਹ ਖੁੱਲ੍ਹ ਜਾਵੇ ।
#ਮਸਲੇ_ਦੀ_ਜੜ੍ਹ
ਸਮੁੰਦਰੀ ਪੱਟੀ ਤੇ ਸੜਕ ਰਾਹੀਂ ਦੁਨੀਆਂ ਨੂੰ ਜੋੜਨ ਦੀ ਮੁਹਿੰਮ ਜੋ ਚੀਨ ਵੱਲੋਂ ਵਿੱਡੀ ਗਈ ਹੈ, ਇਸ ਨਾਲ ਪੱਛਮੀ ਤਾਕਤਾਂ ਦੇ ਦੱਖਣੀ ਏਸ਼ੀਆਈ ਮੁਲਕ ਖਾਸ ਕਰ ਭਾਰਤ ਜ਼ਰੂਰ ਬੇਚੈਨ ਹੋਏ ਹਨ। ਇੱਕ ਅੰਦਾਜ਼ੇ ਮੁਤਾਬਕ ਚੀਨ ਇਨਾਂ ਪ੍ਰਾਜੈਕਟਾਂ ਉੱਤੇ ਤਕਰੀਬਨ ਇਕ ਟ੍ਰਿਲੀਅਨ ਡਾਲਰ ਖਰਚਣ ਜਾ ਰਿਹਾ ਹੈ । ਜਿਸ ਤਹਿਤ ਉਹ ੨੧੦ ਅਰਬ ਡਾਲਰ ਏਸ਼ੀਆ ਵਿੱਚ ਲਾ ਚੁੱਕਿਆ ਹੈ।
ਸ੍ਰੀਲੰਕਾ ਵਿੱਚ ਬਣੇ ਹਾਲਾਤਾਂ ਕਾਰਨ ਦੱਖਣੀ ਏਸ਼ੀਆ ਵਿੱਚ ਚੀਨ ਦਾ ਕੀ ਵਿਕਾਰ ਹੈ ਉਸ ਉੱਤੇ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ। ਇਸ ਖਿੱਤੇ ਵਿੱਚ ਜੋ ਮੁਲਕ ਚੀਨ ਦੇ ਪੰਜੇ ਥੱਲੇ ਆਏ ਉਨ੍ਹਾਂ ਵਿੱਚ ਮੁੱਖ ਤੌਰ ਤੇ ਪਾਕਿਸਤਾਨ,ਮਾਲਦੀਵ, ਨਿਪਾਲ ਅਤੇ ਸ੍ਰੀਲੰਕਾ ਹਨ।
ਚੀਨ ਵੱਲੋਂ ਮਾਲਦੀਵ ਅਤੇ ਸ੍ਰੀਲੰਕਨ ਅਰਥਚਾਰੇ ਵਿੱਚ ਵੱਡੇ ਪੈਮਾਨੇ ਤੇ ਪੈਸਾ ਲਾਇਆ ਹੈ। ਮਾਲਦੀਵ ਵਿੱਚ ਤਾਂ ਸਰਕਾਰ ਦੇ ਬਰੋਬਰ ਚੀਨੀ ਕੰਪਨੀਆਂ ਦਾ ਅਰਥਚਾਰਾ ਹੈ, ਜਿਸ ਨੂੰ ਪੈਰਲਲ ਗਵਰਨੈਂਸ ਵੀ ਕਹਿ ਦਿਤਾ ਜਾਂਦਾ ਹੈ । ਸ੍ਰੀਲੰਕਾ ਵਿੱਚ ਇਹ ਰਕਮ ਤਕਰੀਬਨ ਅੱਠ ਅਰਬ ਡਾਲਰ ਦੀ ਹੈ ਜਿਸ ਦੇ ਤਹਿਤ ਚੀਨ ਸ੍ਰੀਲੰਕਾ ਦੀਆਂ ਸਮੁੰਦਰੀ ਬੰਦਰਗਾਹ ਅਤੇ ਹਵਾਈ ਅੱਡੇ ਆਬਾਦ ਕਰੇਗਾ। ਇਹ ਪੈਸਾ ਸ਼੍ਰੀਲੰਕਾਈ ਆਰਥਿਕਤਾ ਨੂੰ ਪਟੜੀ ਤੇ ਲਿਆਉਣ ਦੇ ਵਾਆਦੇ ਨਾਲ ਦਿਤਾ ਜਾ ਰਿਹਾ ਹੈ। ਪਰ ਇਹ ਸਭ ਗੁਆਂਢੀ ਮੁਲਕ ਭਾਰਤ ਲਈ ਨਾ ਖੁਸ਼ਗਵਾਰ ਹੈ। ਕਿਉਂਕਿ ਉਹ ਚੀਨ ਦੀ ਿੲਸ ਖਿੱਤੇ ਵਿੱਚ ਪੈੜ ਨੂੰ ਸਮੁੰਦਰੀ ਆਵਾਜਾਈ ਦੇ ਰਾਹ ਤੇ ਆਪਣੀ ਸੁਰੱਖਿਆ ਲਈ ਖ਼ਤਰੇ ਵਜੋਂ ਵੇਖ ਰਿਹਾ ਹੈ। ਸ੍ਰੀਲੰਕਾ ਦੀਆਂ ਬੰਦਰਗਾਹਾਂ ਦੁਨੀਆ ਦੇ ਸਭ ਤੋਂ ਰੁੱਝੇ ਹੋਏ ਸਮੁੰਦਰੀ ਰਾਹ ਉਤੇ ਨੇ ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵੱਲੋਂ ਕਰਜ਼ ਦੀ ਕਿਸ਼ਤ ਨਾ ਮੋੜ ਸਕਣ ਕਾਰਨ ਆਪਣੀ ਇੱਕ ਬੰਦਰਗਾਹ ਚੀਨ ਨੂੰ ੯੯ ਸਾਲ ਦੇ ਪੱਟੇ ਤੇ ਦੇ ਦਿੱਤੀ ਗਈ ਹੈ। ਭਾਰਤ ਦਾ ਇਹ ਵੀ ਮੰਨਣਾ ਹੈ ਕਿ ਚੀਨ ਇਸ ਨੂੰ ਆਪਣੀ ਫੌਜੀ ਠਾਹਰ ਵਾਸਤੇ ਵਰਤ ਸਕਦੈ।
ਇਸੇ ਤਹਿਤ ੨੦੧੫ ਵਿੱਚ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਆਪਣੇ ਪੱਖੀ ਸਰਕਾਰ ਲਿਆਉਣ ਵਾਸਤੇ ਚੰਗੀ ਮੁਸ਼ੱਕਤ ਕੀਤੀ ਸੀ ਤਾਂ ਕੇ ਿੲਸ ਟਾਪੂ ਮੁਲਕ ਵਿੱਚ ਚੀਨ ਦੇ ਬਰਾਬਰ ਇੱਕ ਧਿਰ ਬਣ ਕੇ ਉਭਰਿਆ ਜਾਵੇ ਪਰ ਚੀਨੀ ਸਰਮਾਏ ਅੱਗੇ ਭਾਰਤੀ ਕੋਸ਼ਿਸ਼ਾਂ ਨੂੰ ਕੋਈ ਖ਼ਾਸ ਬੂਰ ਪੈਂਦਾ ਨਜ਼ਰੀ ਨਹੀਂ ਆ ਰਿਹਾ ।
ਪਾਕਿਸਤਾਨ ਨੇਪਾਲ ਮਾਲਦੀਵ ਤੇ ਸ੍ਰੀਲੰਕਾ ਵਿੱਚ ਪੱਕੇ ਪੈਰੀਂ ਹੋਣ ਪਿੱਛੋਂ ਚੀਨ ਭਾਰਤ ਲਈ ਚੁਫੇਰਿਓਂ ਖਤਰਾ ਬਣਦਾ ਜਾ ਰਿਹਾ ਹੈ ।
ਉਧਰ ਸ੍ਰੀਲੰਕਾ ‘ਚ ਤਾਮਿਲ ਸਿਆਲੀ ਖਾਨਾਜੰਗੀ ਤੋਂ ਬਾਅਦ ਹਲਾਤ ਇੱਕ ਵਾਰ ਫਿਰ ਵਿਗੜ ਰਹੇ ਹਨ । ਬੋਧੀ ਦਹਿਸ਼ਤਗਰਦ ਜਥੇਬੰਦੀਆਂ ਹੋਂਦ ਵਿੱਚ ਆਈਆਂ ਹਨ। ਨਸਲੀ ਹਿੰਸਾ ਦੇ ਵਰਤਾਰੇ ਘੱਟ ਗਿਣਤੀਆਂ ਖ਼ਿਲਾਫ਼ ਵਧੇ ਹਨ । ਮੁਲਕ ਦੇ ਵੱਖ ਵੱਖ ਸ਼ਹਿਰਾਂ ਦੇ ਇਸਾਈ ਗਿਰਜਿਆਂ ਅਤੇ ਹੋਟਲਾਂ ਵਿੱਚ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦਹਿਸ਼ਤਗਰਦੀ ਹਮਲੇ ਭਾਵੇਂ ਇੱਕ ਖ਼ਾਸ ਵਿਚਾਰ ਧਾਰਾ ਨਾਲ ਜੋੜ ਦਿੱਤੇ ਗਏ ਹਨ। ਪਰ ਇਹ ਮਸਲਾ ਧਰਮ ਦੀ ਆਪਸੀ ਖਾਨਾਜੰਗੀ ਦਾ ਨਹੀਂ ਸਗੋਂ ਨਵਬਸਤੀਵਾਦੀ ਰਾਸ਼ਟਰਾਂ ਦੀ ਆਰਥਿਕ ਅਜਾਰੇਦਾਰੀ ਦਾ ਲਗਦਾ ਹੈ । ਧਰਮ ਅਤੇ ਧਰਮੀ ਤਾਂ ਸਿਰਫ ਨਪੀੜੇ ਜਾ ਰਹੇ ਹਨ । ਮਾਰੇ ਵੀ ਧਰਮੀ ਜਾ ਰਹੇ ਹਨ ਤੇ ਬਦਨਾਮ ਵੀ ਧਰਮੀ ਕੀਤੇ ਜਾ ਰਹੇ ਹਨ।