ਜਦੋਂ ਤੋਂ ਸੰਸਾਰ ਦੀ ਰਚਨਾ ਹੋਣੀ ਆਰੰਭ ਹੋਈ ਹੈ, ਸੱਭ ਤੋਂ ਪਹਿਲਾਂ ਇਕ ਸੈੱਲ ਜੀਵ ”ਅਮੀਬਾ” ਦਾ ਜ਼ਿਕਰ ਆਉਂਦਾ ਹੈ। ਇਸ ਜੀਵ ਦੀਆਂ ਅੱਖਾਂ ਨਾ ਹੁੰਦਿਆਂ ਹੋਇਆਂ ਵੀ, ਇਹ ਜੀਵ ਦੇਖ ਸਕਦਾ ਸੀ। ਲੱਖਾਂ ਸਾਲਾਂ ਦੇ ਲੰਬੇ ਸਮੇਂ ਵਿਚ ਸੰਸਾਰ ਦਾ ਵਿਕਾਸ ਹੋਇਆ। ਇਕ ਅਣਦਿਖ ਜੋਤ ਤੋਂ ਅੱਖਾਂ ਦਾ ਜਨਮ ਹੋਇਆ। ਗਿੱਧ ਦੀਆਂ ਅੱਖਾਂ ਦੀ ਜੋਤ ਮਨੁੱਖ ਦੀਆਂ ਅੱਖਾਂ ਦੀ ਜੋਤ ਨਾਲੋਂ ਸੌ ਗੁਣਾ ਵੱਧ ਹੈ। ਜਿਹੜਾ ਅਨਾਜ ਦਾ ਦਾਣਾ ਮਨੁੱਖ ਨੂੰ ਇਕ ਮੀਟਰ ਦੂਰੋਂ ਦਿਸਦਾ ਹੈ, ਉਹ ਗਿੱਧ ਨੂੰ 100 ਮੀਟਰ ਤੋਂ ਨਜ਼ਰ ਆ ਜਾਂਦਾ ਹੈ ਪਰ ਜਿਵੇਂ ਕਿ ਤੁਹਾਨੂੰ ਪਤਾ ਹੈ, ਜਦੋਂ ਪੰਜਾਂ ਗਿਆਨ ਇੰਦਰੀਆਂ ਵਿਚੋਂ ਕਿਸੇ ਇਕ ਗਿਆਨ ਇੰਦਰੀ ਦੀ ਸ਼ਕਤੀ ਘੱਟ ਜਾਂ ਵੱਧ ਹੋ ਜਾਵੇ ਤਾਂ ਇਸ ਦਾ ਅਸਰ ਬਾਕੀ ਦੀਆਂ ਗਿਆਨ ਇੰਦਰੀਆਂ ‘ਤੇ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਗਿੱਧ ਦੀ ਸੁੰਘਣ ਸ਼ਕਤੀ ਇਸ ਤਰ੍ਹਾਂ ਬੇਕਾਰ ਹੁੰਦੀ ਹੈ ਕਿ ਉਹ ਸੜੇ ਅਤੇ ਤਾਜ਼ੇ ਮਾਸ ਵਿਚ ਕੋਈ ਫ਼ਰਕ ਨਹੀਂ ਸਮਝ ਸਕਦੀ। ਇਸੇ ਤਰ੍ਹਾਂ ਕਈ ਜਾਨਵਰ ਜਿਵੇਂ ਗਧੇ, ਖੱਚਰ, ਘੋੜੇ, ਊਠ ਨੂੰ ਕਈ ਪੱਖਾਂ ਤੋਂ ਘਾਟ ਹੁੰਦੀ ਹੈ ਪਰ ਉਹ ਬਿਨਾਂ ਸਿਰ ਘੁਮਾਏ ਪਿਛਾਂਹ ਨੂੰ ਠੀਕ ਨਿਸ਼ਾਨੇ ‘ਤੇ ਦੁਲੱਤੀ ਮਾਰ ਸਕਦੇ ਹਨ। ਮੱਛੀ ਦੀ ਅੱਖ ਰੰਗ ਦੀ ਪਛਾਣ ਕਰਨ ਤੋਂ ਅਸਮਰੱਥ ਹੈ। ਅੱਖਾਂ ਦੀ ਜੋਤ ਮਨੁੱਖ ਲਈ ਇਕ ਅਦੱਭੁਤ ਅਤੇ ਨਾਯਾਬ ਦਾਤ ਹੈ। ਇਸੇ ਲਈ ਇਹ ਆਮ ਕਿਹਾ ਜਾਂਦਾ ਹੈ ਕਿ
ਦੰਦ ਗਏ ਸੁਆਦ ਗਿਆ, ਅੱਖਾਂ ਗਈਆਂ ਜਹਾਨ ਗਿਆ।
ਵਾਰ ਵਾਰ ਸਦਕੇ ਜਾਈਏ ਉਸ ਸ਼ਕਤੀ ਦੇ, ਜਿਸ ਨੇ ਦੋਵੇਂ ਅੱਖਾਂ ਇਕੋ ਜਿਹੇ ਪੱਧਰ ਉਤੇ ਅਤੇ ਇਕੋ ਨਮੂਨੇ ਦੀਆਂ ਬਣਾਈਆਂ ਹਨ ਤਾਕਿ ਦੋਵੇਂ ਅੱਖਾਂ ਹਰ ਚੀਜ਼ ਨੂੰ ਇਕੋ ਜਿਹਾ ਦੇਖ ਸਕਣ। ਅੱਖਾਂ ਦੇ ਮੂਰਤੀ ਪਟ ਤੋਂ ਇਕੋ ਜਿਹਾ ਅਕਸ ਖਿੱਚ ਸਕਣ ਵਾਲੀ ਦ੍ਰਿਸ਼ਟੀ ਵਿਚ ਕਿਸੇ ਪ੍ਰਕਾਰ ਦਾ ਨੁਕਸ ਪੈਣ ਵਾਲੇ ਕਈ ਪ੍ਰਕਾਰ ਦੇ ਰੋਗ ਹੋਮਿਉਪੈਥਿਕ ਦਵਾਈ ਨਾਲ ਠੀਕ ਕੀਤੇ ਜਾ ਸਕਦੇ ਹਨ। ਜੇ ਐਨਕਾਂ ਲੱਗ ਗਈਆਂ ਹਨ ਤਾਂ ਠੀਕ ਦਵਾਈ ਦੀ ਵਰਤੋਂ ਨਾਲ ਸ਼ੀਸ਼ਿਆਂ ਦੇ ਨੰਬਰ ਘੱਟ ਜਾਂਦੇ ਹਨ। ਮੱਖਣ, ਕਰੀਮ, ਹਰੀਆਂ ਸਬਜ਼ੀਆਂ, ਮੱਛੀ ਦਾ ਤੇਲ, ਵਿਟਾਮਿਨ ਸੀ (ਖੱਟੇ ਸੁਆਦ ਦੇ ਰਸ ਵਾਲੀਆਂ ਚੀਜ਼ਾਂ), ਅੰਡੇ, ਮਾਸ, ਪਨੀਰ ਆਦਿ ਅੱਖਾਂ ਲਈ ਲਾਭਦਾਇਕ ਹਨ। ਥੋੜ੍ਹੀ ਜਿਹੀ ਅੱਖਾਂ ਦੀ ਦੇਖਭਾਲ ਕਰਨ ਨਾਲ ਅੱਖਾਂ ਹਮੇਸ਼ਾ ਠੀਕ ਰਹਿੰਦੀਆਂ ਹਨ।
ਅੱਖਾਂ ਨੂੰ ਰੋਗ ਰਹਿਤ ਰੱਖਣ ਲਈ
- ਪੜ੍ਹਦਿਆਂ-ਲਿਖਦਿਆਂ ਜਾਂ ਕੋਈ ਹੋਰ ਬਰੀਕ ਕੰਮ ਕਰਦਿਆਂ ਅੱਖਾਂ ਨੂੰ ਥਕਣ ਨਾ ਦਿਉ। ਜਦੋਂ ਵੀ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਹੋਵੇ ਤਾਂ ਥੋੜ੍ਹੇ ਸਮੇਂ ਲਈ ਕੰਮ ਛੱਡ ਦਿਉ। ਅੱਖਾਂ ਨੂੰ ਬੰਦ ਕਰ ਕੇ ਢਿੱਲੀਆਂ ਛੱਡ ਦਿਉ। ਹੱਥਾਂ ਦੀਆਂ ਕੁੱਪੀਆਂ ਬਣਾ ਕੇ ਦੋਹਾਂ ਅੱਖਾਂ ਨੂੰ ਇਸ ਤਰ੍ਹਾਂ ਢੱਕ ਲੈਣਾ ਚਾਹੀਦਾ ਹੈ ਕਿ ਉਕਾ ਹੀ ਹਨੇਰਾ ਦਿਸੇ। ਇਸ ਤਰ੍ਹਾਂ ਕਰਦਿਆਂ ਡੂੰਘੇ ਸਾਹ ਲੈਣੇ ਚਾਹੀਦੇ ਹਨ।
- ਸਵੇਰੇ ਉਠਦੇ ਸਮੇਂ ਬਿਸਤਰੇ ਉਤੇ ਸਿੱਧੇ ਲੇਟੇ ਲੇਟੇ ਪਹਿਲਾਂ ਮੂੰਹ ਛੱਤ ਵੱਲ ਕਰ ਕੇ ਦੇਖੋ, ਫਿਰ ਬਿਨਾ ਸਿਰ ਹਿਲਾਏ, ਅਪਣੇ ਸੱਜੇ-ਖੱਬੇ, ਪੈਰਾਂ ਵਲ, ਸਿਰ ਦੇ ਪਿਛੇ ਵਾਰੋ ਵਾਰੀ ਦੇਖਣ ਦੀ ਕੋਸ਼ਿਸ਼ ਕਰੋ। ਇਸ ਕਿਰਿਆ ਨੂੰ ਚਾਰ-ਪੰਜ ਵਾਰ ਦੁਹਰਾਉ।
- ਸਵੇਰੇ ਉਠਣ ਮਗਰੋਂ ਅੱਖਾਂ ਉਤੇ ਤਾਜ਼ੇ ਪਾਣੀ ਦੇ ਛਿੱਟੇ ਮਾਰੋ।
- ਸਵੇਰ ਸਮੇਂ ਸੈਰ ਕਰਦਿਆਂ ਨੰਗੇ ਪੈਰੀਂ ਘਾਹ ਉਤੇ ਚੱਲੋ। ਡੂੰਘੇ ਡੂੰਘੇ ਸਾਹ ਲੈਂਦਿਆਂ ਅੱਖਾਂ ਨੂੰ ਢੱਕ ਕੇ ਅਤੇ ਤਾਜ਼ਗੀ ਪ੍ਰਾਪਤ ਕਰਨ ਲਈ ਹਰਿਆਲੀ ਉਤੇ ਨਜ਼ਰ ਦੌੜਾਉ। ਕਦੇ ਕਿਸੇ ਨੇੜੇ ਦੇ ਫੁੱਲ ਨੂੰ ਤੇ ਕਦੇ ਕਿਸੇ ਦੂਰ ਦੇ ਫੁੱਲ ਨੂੰ ਦੇਖੋ। ਇਹ ਕਿਰਿਆ ਦਸ ਬਾਰਾਂ ਵਾਰ ਕਰੋ। ਅੱਖਾਂ ਲਈ ਫ਼ਾਇਦੇਮੰਦ ਹੋਵੇਗੀ।
- ਹਰੇ ਘਾਹ ਉਤੇ ਖੜੋਤਿਆਂ ਪੈਰਾਂ ਨੂੰ ਇਕ ਫ਼ੁੱਟ ਦੀ ਵਿੱਥ ਤੇ ਰੱਖ ਕੇ ਅੱਖਾਂ ਨੂੰ ਇਸ ਤਰ੍ਹਾਂ ਢਕੋ ਕਿ ਅੱਖਾਂ ‘ਤੇ ਦਬਾਅ ਨਾ ਪਵੇ। ਅੱਧੇ ਮਿੰਟ ਮਗਰੋਂ ਨਜ਼ਰ ਹਰੀਆਂ ਚੀਜ਼ਾਂ ਉਤੇ ਜਿੰਨੀ ਦੂਰ ਪੈ ਸਕੇ, ਪਾਉ। ਅੱਖਾਂ ਅਰੋਗ ਰੱਖਣ ਲਈ ਇਸ ਕਿਰਿਆ ਨੂੰ 9-10 ਵਾਰ ਕਰੋ।
- ਸਵੇਰੇ ਸੂਰਜ ਚੜ੍ਹਨ ਸਮੇਂ ਸੂਰਜ ਦੀ ਲਾਲ ਟੁਕੜੀ ਨੂੰ ਬੜੇ ਧਿਆਨ ਨਾਲ ਤੱਕੋ। ਇਸ ਤਰ੍ਹਾਂ ਅਲਟਰਾ-ਵਾਈਲਟ ਕਿਰਨਾਂ ਰਾਹੀਂ ਅੱਖਾਂ ਦੇ ਕਈ ਰੋਗਾਂ ਨੂੰ ਠੀਕ ਕਰਦਿਆਂ ਬਾਕੀ ਸਰੀਰ ਦੀ ਸਿਹਤ ਦੀ ਗਾਰੰਟੀ ਵੀ ਹੁੰਦੀ ਹੈ।
- ਇਸ਼ਨਾਨ ਕਰਦਿਆਂ ਅੱਖਾਂ ਨੂੰ ਤਾਜ਼ੇ ਪਾਣੀ ਵਿਚ 6-7 ਵਾਰ ਖੋਲ੍ਹੋ ਅਤੇ ਬੰਦ ਕਰੋ।
- ਅੱਖਾਂ ਨੂੰ ਠੀਕ ਰਖਣ ਲਈ ਅੱਖਾਂ ਵਿਚ ਹੋਮਿਉਪੈਥੀ ਦਵਾਈ ਦੀ ਵਰਤੋਂ ਕਰੋ। ਲੋੜ ਪੈਣ ਤੇ ਅੱਖਾਂ ਚੈੱਕ ਕਰਵਾਉ।
– ਡਾ. ਜਗਦੀਸ਼ ਜੱਗੀ