ਨਵੀਂ ਦਿੱਲੀ— ਸਰਕਾਰ ਨੇ ਰਾਇਲਟੀ ਫੀਸ ਘਟਾ ਕੇ ਬੀ. ਟੀ. ਕਪਾਹ ਦੇ ਬੀਜਾਂ ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਭਰ ‘ਚ ਇਸ ਦੀ ਖੇਤੀ ਕਰਨ ਵਾਲੇ ਲਗਭਗ 80 ਲੱਖ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਕਿਸਾਨਾਂ ਨੂੰ ਹੁਣ ਬੀ. ਟੀ. ਕਪਾਹ ਦੇ 450 ਗ੍ਰਾਮ ਵਾਲੇ ਪੈਕਟ ਲਈ ਵੱਧ ਤੋਂ ਵੱਧ 730 ਰੁਪਏ ਖਰਚ ਕਰਨੇ ਪੈਣਗੇ, ਜਿਸ ਦੀ ਕੀਮਤ ਪਹਿਲਾਂ 740 ਰੁਪਏ ਸੀ।
ਸਰਕਾਰ ਨੇ ਰਾਇਲਟੀ ਫੀਸ ‘ਚ 49 ਫੀਸਦੀ ਦੀ ਕਮੀ ਕੀਤੀ ਹੈ। ਸੀਜ਼ਨ 2018-19 ‘ਚ ਬੋਲਗਾਰਡ-2 ਬੀ. ਟੀ. ਕਪਾਹ ਦੀ ਕੀਮਤ ‘ਚ 39 ਰੁਪਏ ਦੀ ਰਾਇਲਟੀ ਫੀਸ ਸ਼ਾਮਲ ਸੀ, ਜੋ ਹੁਣ ਘਟਾ 20 ਰੁਪਏ ਕਰ ਦਿੱਤੀ ਗਈ ਹੈ। ਇਹ ਉਹ ਫੀਸ ਹੈ ਜੋ ਘਰੇਲੂ ਫਰਮਾਂ ਨੂੰ ਜੀ. ਐੱਮ. ਕਿਸਮ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਚੁਕਾਉਣੀ ਪੈਂਦੀ ਹੈ। ਲਗਾਤਾਰ ਦੂਜੇ ਸਾਲ ਇਸ ਫੀਸ ‘ਚ ਕਮੀ ਕੀਤੀ ਗਈ ਹੈ। ਕਪਾਹ ਫਸਲ ਦੀ ਖੇਤੀ ਜੂਨ ਮਗਰੋਂ ਸ਼ੁਰੂ ਹੁੰਦੀ ਹੈ। ਬੀਜ ਸਸਤਾ ਹੋਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਉੱਥੇ ਹੀ, ਰਾਇਲਟੀ ਫੀਸ ਘੱਟ ਹੋਣ ਕਾਰਨ ਇਸ ਦੇ ਨਿਰਮਾਤਾ ਨਿਰਾਸ਼ ਹਨ ਕਿਉਂਕਿ ਉਨ੍ਹਾਂ ਦਾ ਮੁਨਾਫਾ ਘੱਟ ਹੋਵੇਗਾ। ਕੇਂਦਰ ਨੇ ਪਹਿਲੀ ਵਾਰ 2016-17 ‘ਚ ਬੀ. ਟੀ. ਕਪਾਹ ਬੀਜਾਂ ਦੀ ਕੀਮਤ 830-1,030 ਰੁਪਏ ਤੋਂ ਘਟਾ ਕੇ ਪ੍ਰਤੀ ਪੈਕਟ 800 ਰੁਪਏ ਕਰ ਦਿੱਤੀ ਸੀ।
ਬਹੁਰਾਸ਼ਟਰੀ ਬੀਜ ਕੰਪਨੀਆਂ ਵੱਲੋਂ ਇਸ ਕਦਮ ਦੀ ਬਹੁਤ ਆਲੋਚਨਾ ਕੀਤੀ ਗਈ ਸੀ। ਮੌਨਸੈਂਟੋ ਨੇ ਭਾਰਤ ‘ਚ ਆਪਣੇ ਕਾਰੋਬਾਰ ਦਾ ਮੁੜ ਮੁਲਾਂਕਣ ਕਰਨ ਦੀ ਚਿਤਾਵਨੀ ਦੇ ਦਿੱਤੀ ਸੀ। ਉਸ ਨੇ ਇਸ ਹੁਕਮ ਖਿਲਾਫ ਦਿੱਲੀ ਉੱਚ ਅਦਾਲਤ ‘ਚ ਪਟੀਸ਼ਨ ਵੀ ਦਾਖਲ ਕੀਤੀ ਸੀ। ਜ਼ਿਕਰਯੋਗ ਹੈ ਕਿ ਕਈ ਕਿਸਾਨ ਸੰਗਠਨਾਂ ਨੇ ਬੀ. ਟੀ. ਕਪਾਹ ਦੇ ਬੀਜਾਂ ਦੀ ਕੀਮਤ ਘਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਮੰਗ ਸੀ ਕਿ ਇਸ ‘ਚ ਵਿਸ਼ੇਸ਼ ਫੀਸਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ, ਤਾਂ ਕਿ ਕਿਸਾਨਾਂ ‘ਤੇ ‘ਬੇਲੋੜਾ ਵਾਧੂ’ ਬੋਝ ਨਾ ਪਵੇ। ਸਰਕਾਰ ਇਸ ‘ਤੇ 2016-17 ਤੋਂ ਕਦਮ ਉਠਾ ਰਹੀ ਹੈ। 2016-17 ‘ਚ ਜੋ ਵਿਸ਼ੇਸ਼ ਫੀਸ 49 ਰੁਪਏ ਸੀ, ਹੁਣ ਉਹ ਘੱਟ ਕੇ ਸਿਰਫ 20 ਰੁਪਏ ਰਹਿ ਗਈ ਹੈ।