ਲੁਧਿਆਣਾ-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ) ਦੇ ਮਾਈਕ੍ਰੋਬਾਇਆਲੋਜੀ ਵਿਭਾਗ ‘ਚ ਪੀ. ਐਚ. ਡੀ. ਦੀ ਵਿਦਿਆਰਥਣ ਕੁਮਾਰੀ ਜਸਪ੍ਰੀਤ ਕੌਰ ਨੂੰ ‘ਸਰਦਾਰ ਜਵਾਹਰ ਸਿੰਘ ਅਤੇ ਸ੍ਰੀਮਤੀ ਸਤਬਚਨ ਕੌਰ ਯੁਵਾ ਵਿਗਿਆਨੀ ਪੁਰਸਕਾਰ’ ਨਾਲ ਨਿਵਾਜਿਆ ਗਿਆ ਹੈ। ਇਹ ਪੁਰਸਕਾਰ 22ਵੀਂ ਪੰਜਾਬ ਵਿਗਿਆਨ ਕਾਂਗਰਸ ਜੋ ਡੀ. ਏ. ਵੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਤਕਨਾਲੋਜੀ ਜਲੰਧਰ ਵਿਖੇ ਪੰਜਾਬ ਅਕੈਡਮੀ ਆਫ਼ ਸਾਇੰਸ ਪਟਿਆਲਾ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ‘ਚ ਸਰਟੀਫਿਕੇਟ, ਮੈਡਲ ਅਤੇ 7500 ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਕੁਮਾਰੀ ਜਸਪ੍ਰੀਤ ਕੌਰ ਨੂੰ ਇਹ ਇਨਾਮ ਮੌਲਿਕ ਖੋਜ ਕਾਰਜ ਦੀ ਪੇਸ਼ਕਾਰੀ ਲਈ ਪ੍ਰਦਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਪੀ. ਏ. ਯੂ ‘ਚ ਆਪਣਾ ਪੀ. ਐਚ. ਡੀ ਦਾ ਖੋਜ ਕਾਰਜ ਸਾਉਣੀ ਦੀ ਮੱਕੀ ‘ਚ ਪੋਸ਼ਕ ਤੱਤਾਂ ਦੇ ਵਿਕਾਸ ਬਾਰੇ ਕਰ ਰਹੀ ਹੈ। ਇਹ ਖੋਜ ਕਾਰਜ ਡਾ. ਐੱਸ. ਕੇ. ਗੋਸਲ ਦੀ ਨਿਗਰਾਨੀ ‘ਚ ਸਾਉਣੀ ਦੀ ਮੱਕੀ ਦੇ ਸੰਬੰਧ ‘ਚ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਸ਼ੰਮੀ ਕਪੂਰ ਅਤੇ ਸਾਰੇ ਅਮਲੇ ਨੇ ਜਸਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਭਵਿੱਖ ‘ਚ ਉਸਦੀ ਕਾਮਯਾਬੀ ਲਈ
ਸ਼ੁਭਕਾਮਨਾਵਾਂ ਦਿੱਤੀਆਂ ।