ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਅਹਿਮ ਬੈਠਕ ਹੋਈ ਹੈ। ਇਕ ਘੰਟੇ ਤੋਂ ਵਧ ਸਮੇਂ ਤੱਕ ਹੋਈ ਸੁਰੱਖਿਆ ‘ਤੇ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਬੈਠਕ ‘ਚ ਪਾਕਿਸਤਾਨ ਨੂੰ ਦਿੱਤੇ ਗਏ ਮੋਸਟ ਫੇਵਰਡ ਨੇਸ਼ਨ (ਐੱਮ.ਐੱਫ.ਐੱਨ.) ਦਾ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਬਾਅਦ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਫੋਰਸ ਇਸ ਹਮਲੇ ‘ਚ ਸ਼ਾਮਲ ਅਤੇ ਸਮਰਥਨ ਦੇਣ ਵਾਲਿਆਂ ਦੇ ਖਿਲਾਫ ਹਰ ਸੰਭਵ ਕਦਮ ਚੁੱਕਣਗੇ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਮ. ਦੀ ਅਗਵਾਈ ‘ਚ ਸੀ.ਸੀ.ਏ. ਦੀ ਬੈਠਕ ਹੋਈ ਅਤੇ ਪੁਲਵਾਮਾ ਹਮਲੇ ਦੇ ਆਕਲਨ ‘ਤੇ ਚਰਚਾ ਹੋਈ। ਸੀ.ਸੀ.ਐੱਸ. ਨੇ ਸ਼ਹੀਦ ਜਵਾਨਾਂ ਦੇ ਸਨਮਾਨ ‘ਚ 2 ਮਿੰਟ ਦਾ ਮੌਨ ਰੱਖਿਆ ਅਤੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਜੇਤਲੀ ਨੇ ਦੱਸਿਆ ਕਿ ਘਟਨਾ ਦੀ ਪੂਰੀ ਜਾਣਕਾਰੀ ‘ਤੇ ਚਰਚਾ ਹੋਈ ਹੈ ਪਰ ਸਭ ਕੁਝ ਸ਼ੇਅਰ ਨਹੀਂ ਕੀਤਾ ਜਾ ਸਕਦਾ ਹੈ। ਸੀ.ਆਰ.ਪੀ.ਐੱਫ. ਸ਼ਹੀਦਾਂ ਦੇ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਲਈ ਕਦਮ ਚੁੱਕ ਰਹੀ ਹੈ।
ਸੁਰੱਖਿਆ ਫੋਰਸ ਦੇਵੇਗੀ ਮੂੰਹ ਤੋੜ ਜਵਾਬ
ਜੇਤਲੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਹਰ ਸੰਭਵ ਕੂਟਨੀਤਕ ਕਦਮ ਚੁੱਕੇਗਾ, ਜਿਸ ਨਾਲ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ‘ਚ ਵੱਖ ਕੀਤਾ ਜਾ ਸਕੇ। ਇਸ ਲਈ ਮੌਜੂਦਾ ਸਬੂਤਾਂ ਨੂੰ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਮੋਸਟ ਫੇਵਰਡ ਨੇਸ਼ਨ ਦਾ ਪਾਕਿਸਤਾਨ ਨੂੰ ਦਿੱਤਾ ਗਿਆ ਦਰਜਾ ਵਾਪਸ ਲੈ ਲਿਆ ਗਿਆ ਹੈ। ਵਪਾਰਕ ਮੰਤਰਾਲੇ ਇਸ ਦੇ ਸੰਬੰਧ ‘ਚ ਜਲਦ ਸੂਚਨਾ ਜਾਰੀ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ 33 ਸਾਲ ਪਹਿਲਾਂ ਭਾਰਤ ਨੇ ਯੂ.ਐੱਨ. ‘ਚ ਕੌਮਾਂਤਰੀ ਅੱਤਵਾਦੀ ‘ਤੇ ਪ੍ਰਸਤਾਵ ਰੱਖਿਆ ਸੀ ਪਰ ਇਹ ਪਾਸ ਨਹੀਂ ਹੋਇਆ, ਕਿਉਂਕਿ ਅੱਤਵਾਦੀ ਦੀ ਪਰਿਭਾਸ਼ਾ ‘ਤੇ ਸਾਰਿਆਂ ਦੀ ਸਹਿਮਤੀ ਬਾਕੀ ਸੀ। ਵਿਦੇਸ਼ ਮੰਤਰਾਲੇ ਕੋਸ਼ਿਸ਼ ਕੇਰਗਾ ਕਿ ਅੱਤਵਾਦ ਦੀ ਪਰਿਭਾਸ਼ਾ ਨੂੰ ਸੰਯੁਕਤ ਰਾਸ਼ਟਰ ‘ਚ ਜਲਦ ਸਵੀਕਾਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਸਾਡੇ ਸੁਰੱਖਾ ਫੋਰਸਾਂ ਦਾ ਸਵਾਲ ਹੈ, ਉਹ ਹਰ ਸੰਭਵ ਕਦਮ ਚੁਕੱਣਗੇ, ਜਿਸ ਨਾਲ ਘਾਟੀ ‘ਚ ਸ਼ਾਂਤੀ ਅਤੇ ਸੁਰੱਖਿਆ ਬਣੀ ਰਹੇ। ਇਸ ਦੇ ਨਾਲ-ਨਾਲ ਹਮਲੇ ‘ਚ ਸ਼ਾਮਲ ਅਤੇ ਸਮਰਥਨ ਦੇਣ ਵਾਲਿਆਂ ਨੂੰ ਭਾਰੀ ਕੀਮਤ ਚੁਕਾਣੀ ਪਵੇ, ਸੁਰੱਖਿਆ ਫੋਰਸ ਇਸ ਲਈ ਵੀ ਕਦਮ ਚੁੱਕਣਗੇ।
ਸ਼ਨੀਵਾਰ ਨੂੰ ਬੁਲਾਈ ਗਈ ਹੈ ਸਾਰੇ ਦਲਾਂ ਦੀ ਮੀਟਿੰਗ
ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਸ਼ਮੀਰ ਜਾ ਰਹੇ ਹਨ। ਉਹ ਸ਼ਨੀਵਾਰ ਦੀ ਸਵੇਰ ਸਾਰੇ ਦਲਾਂ ਦੇ ਸੰਮੇਲਨ ‘ਚ ਘਟਨਾ ਦੀ ਜਾਣਕਾਰੀ ਦੇਣਗੇ। ਇਸ ਤੋਂ ਪਹਿਲਾਂ ਪੀ.ਐੱਮ. ਦੇ ਸਰਕਾਰੀ ਘਰ 7, ਲੋਕ ਕਲਿਆਣ ਮਾਰਗ ‘ਤੇ ਹੋਈ ਸੁਰੱਖਿਆ ‘ਤੇ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਬੈਠਕ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਮੰਤਰੀ ਅਰੁਣ ਜੇਤਲੀ ਨੇ ਹਿੱਸਾ ਲਿਆ। ਮੀਟਿੰਗ ਰੂਮ ਦੀ ਇਕ ਤਸਵੀਰ ਵੀ ਸਾਹਮਣੇ ਆਈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਾਰੋਂ ਮੰਤਰੀ ਹਮਲੇ ਦੀ ਜਾਣਕਾਰੀ ਲੈਂਦੇ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ 44 ਜਵਾਨ ਸ਼ਹੀਦ ਹੋ ਗਏ, ਜਿਸ ਕਾਰਨ ਦੇਸ਼ ਭਰ ‘ਚ ਗੁੱਸੇ ਦਾ ਮਾਹੌਲ ਹੈ।
ਕੀ ਹੈ ਮੋਸਟ ਫੇਵਰਡ ਨੇਸ਼ਨ
ਦਰਅਸਲ ਇਸ ਦਾ ਐੱਮ.ਐੱਫ.ਐੱਨ. ਦਾ ਮਤਲਬ ਹੈ ਮੋਸਟ ਫੇਵਰਡ ਨੇਸ਼ਨ, ਯਾਨੀ ਜ਼ਿਆਦਾ ਤਰਜੀਹੀ ਦੇਸ਼। ਵਿਸ਼ਵ ਵਪਾਰ ਸੰਗਠਨ ਅਤੇ ਇੰਟਰਨੈਸ਼ਨਲ ਟਰੇਡ (ਵਪਾਰ) ਨਿਯਮਾਂ ਦੇ ਆਧਾਰ ‘ਤੇ ਵਪਾਰ ‘ਚ ਜ਼ਿਆਦਾ ਤਰਜੀਹ ਵਾਲਾ ਦੇਸ਼ (ਐੱਮ.ਐੱਫ.ਐੱਨ.) ਦਾ ਦਰਜਾ ਦਿੱਤਾ ਜਾਂਦਾ ਹੈ। ਐੱਮ.ਐੱਫ.ਐੱਨ. ਦਾ ਦਰਜਾ ਮਿਲਣ ‘ਤੇ ਦਰਜਾ ਪ੍ਰਾਪਤ ਦੇਸ਼ ਨੂੰ ਇਸ ਗੱਲ ਦਾ ਭਰੋਸਾ ਰਹਿੰਦਾ ਹੈ ਕਿ ਉਸ ਨੂੰ ਕਾਰੋਬਾਰ ‘ਚ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਐੱਮ.ਐੱਫ.ਐੱਨ. ਦਾ ਦਰਜਾ ਕਾਰੋਬਾਰ ‘ਚ ਦਿੱਤਾ ਜਾਂਦਾ ਹੈ। ਇਸ ਦੇ ਅਧੀਨ ਬਰਾਮਦ-ਦਰਾਮਦ ‘ਚ ਆਪਸ ‘ਚ ਵਿਸ਼ੇਸ਼ ਛੂਟ ਮਿਲਦੀ ਹੈ। ਇਹ ਦਰਜਾ ਪ੍ਰਾਪਤ ਦੇਸ਼ ਕਾਰੋਬਾਰ ਸਭ ਤੋਂ ਘੱਟ ਬਰਾਮਦ ਫੀਸ ‘ਤੇ ਹੁੰਦਾ ਹੈ। ਸੀਮੈਂਟ, ਖੰਡ, ਰੂੰ, ਸਬਜ਼ੀਆਂ ਅਤੇ ਕੁਝ ਚੁਨਿੰਦਾ ਫਲਾਂ ਤੋਂ ਇਲਾਵਾ ਮਿਨਰਲ ਤੇਲ, ਡਰਾਈ ਫਰੂਟਸ ਅਤੇ ਹੋਰ ਵਸਤੂਆਂ ਦਾ ਕਾਰੋਬਾਰ ਦੋਹਾਂ ਦੇਸ਼ਾਂ ਦਰਮਿਆਨ ਹੁੰਦਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ 2012 ਦੇ ਅੰਕੜੇ ਅਨੁਸਾਰ ਕਰੀਬ 2.60 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਭਾਰਤ ਜੇਕਰ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖਤਮ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਪਾਕਿਸਤਾਨ ਆਪਣੇ ਵਲੋਂ ਭਾਰਤ ਨਾਲ ਵਪਾਰ ਹੀ ਰੋਕ ਦੇਵੇ। ਅਜਿਹੇ ‘ਚ ਘਾਟਾ ਭਾਰਤ ਨੂੰ ਹੋ ਸਕਦਾ ਹੈ ਪਰ ਅੱਤਵਾਦ ਨਾਲ ਨਜਿੱਠਣ ਅਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਘਾਟੇ ਦੀ ਕੀਮਤ ‘ਤੇ ਅਜਿਹਾ ਕਰਨ ਲਈ ਤਿਆਰ ਹੋ ਸਕਦਾ ਹੈ।