ਜਲੰਧਰ– ਪੰਜਾਬ ’ਚ ਨਾੜ ਨੂੰ ਸਾੜਨ ਤੋਂ ਰੋਕਣ ਤੇ ਨਵੀਂ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਰਗੋ ਕਾਰਪੋਰੇਸ਼ਨ ਨਾਲ 630 ਕਰੋੜ ਦੀ ਲਾਗਤ ਵਾਲੇ ਬਾਇਓਫਿਊਲ ਪ੍ਰਾਜੈਕਟ ’ਤੇ ਦਸਤਖਤ ਕੀਤੇ ਜਿਸ ਨੂੰ ਅਮਰੀਕੀ ਕੰਪਨੀ ਹਨੀਵੇਲ ਵਲੋਂ ਤਕਨੀਕੀ ਉਪਲੱਬਧ ਕਰਵਾਈ ਜਾਏਗੀ। ਇਸ ਐੈੱਮ. ਓ. ਯੂ. ’ਤੇ ਦਸਤਖਤ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਭਾਰਤ ’ਚ ਅਮਰੀਕੀ ਰਾਜਦੂਤ ਦੇ ਆਈ. ਜਸਟਰ ਦੀ ਹਾਜ਼ਰੀ ’ਚ ਕੀਤ ਗਏ। ਵਿਰਗੋ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਕਨਵ ਮੋਂਗਾ ਵੀ ਇਸ ਮੌਕੇ ’ਤੇ ਮੌਜੂਦ ਹਨ। ਵਿਰਗੋ ਕੰਪਨੀ ਵਲੋਂ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਲਾਏ ਜਾਣਗੇ, ਜਿਸ ਨਾਲ ਪ੍ਰਤੱਖ ਤੌਰ ’ਤੇ 150 ਤੇ ਅਪ੍ਰਤੱਖ ਰੂਪ ਨਾਲ 500 ਲੋਕਾਂ ਦਾ ਰੋਜ਼ਗਾਰ ਵੀ ਮਿਲੇਗਾ। ਇਸ ਪ੍ਰਾਜੈਕਟ ’ਤੇ ਦਸਤਖਤ ਹੋ ਜਾਣ ’ਤੇ ਹੁਣ ਭਵਿੱਖ ’ਚ ਵੀ ਪੰਜਾਬ ਤੇ ਅਮਰੀਕਾ ਵਿਚਾਲੇ ਨਿਵੇਸ਼, ਤਕਨੀਕੀ ਟਰਾਂਸਫਰ ਦੀਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਸੂਬੇ ’ਚ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ’ਚ ਮਦਦ ਮਿਲੇਗੀ ਜੋ ਕਿ ਨਾੜ ਨੂੰ ਸਾੜਨ ਨਾਲ ਫੈਲ ਰਿਹਾ ਸੀ। ਇਸ ਨਾਲ ਕਿਸਾਨਾਂ ਦੀ ਆਮਦਨੀ ’ਚ ਵੀ ਵਾਧਾ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਸੂਬੇ ’ਚ ਨਵੀਂ ਊਰਜਾ ਉਤਪਾਦਨ ’ਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਉਨ੍ਹਾਂ ਨੂੰ ਪ੍ਰਾਜੈਕਟ ’ਚ ਵਰਤਣ ਲਈ ਵੇਚ ਸਕਣਗੇ। ਇਸ ਨਾਲ ਪੰਜਾਬ ’ਚ ਹਵਾ ਪ੍ਰਦੂਸ਼ਣ ’ਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਹੋਰ ਪ੍ਰਾਜੈਕਟਾਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਰਮਨ ਕੰਪਨੀ ਵਰਬੀਓ ਨੂੰ ਬਾਇਓ ਸੀ. ਐੈੱਨ. ਜੀ. ਸਹੂਲਤ ਦੇਣ ਲਈ ਸਥਾਨ ਦੀ ਚੋਣ ਕਰ ਲਈ ਗਈ ਹੈ ਜਦੋਂ ਕਿ ਭਾਰਤ ਸਰਕਾਰ ਦੀ ਨਵਰਤਨ ਕੰਪਨੀ ਐੈੱਚ. ਪੀ. ਸੀ. ਐੈੱਲ. ਨੂੰ ਜ਼ਮੀਨ ਮਿਲ ਗਈ ਹੈ ਤੇ ਉਹ ਵੀ ਜਲਦ ਹੀ ਸਥਾਨ ਦੀ ਚੋਣ ਕਰ ਲਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੂੰ ਵੀ ਜ਼ਮੀਨ ਦੇਣ ਜਾ ਰਹੀ ਹੈ ਤਾਂ ਕਿ ਉਹ ਬਾਇਓ ਸੀ. ਐੱਨ. ਜੀ. ਪਲਾਂਟ ਲਾ ਸਕਣ।
ਅਮਰੀਕੀ ਰਾਜਦੂਤ ਕੇ. ਆਈ. ਜਸਟਰ ਨੇ ਕਿਹਾ ਕਿ ਇਸ ਪ੍ਰਾਜੈਕਟ ’ਤੇ ਦਸਤਖਤ ਹੋਣ ਨਾਲ ਪੰਜਾਬ ਤੇ ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਤੇ ਸਰਕਾਰਾਂ ਇਕ-ਦੂਜੇ ਨੇੜੇ ਆ ਕੇ ਕੰਮ ਕਰਨ ਨੂੰ ਤਿਆਰ ਹੁੰਦੀਆਂ ਹਨ ਤਾਂ ਉਸ ਨਾਲ ਜਨਤਾ ਦਾ ਭਲਾ ਹੁੰਦਾ ਹੈ। ਪੰਜਾਬ ਸਰਕਾਰ ਦੀ ਇਨਵੈਸਟ ਪੰਜਾਬ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਹੀ ਐੈੱਮ. ਓ. ਯੂ ’ਤੇ ਦਸਤਖਤ ਹੋ ਸਕੇ ਹੈ। ਐੈੱਮ. ਓ. ਯੂ. ’ਤੇ ਦਸਤਖਤ ਦੇ ਸਮੇਂ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਣ ਅਵਤਾਰ ਸਿੰਘ, ਵਿੰਨੀ ਮਹਾਜਨ, ਰਜਤ ਅਰੋੜਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।