ਸੰਗਰੂਰ- ਰਣਬੀਰ ਕਾਲਜ ਵਿਖੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਆਯੋਜਿਤ ‘ਸਟਾਰ ਨਾਈਟ’ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਮਨਾਂ ‘ਤੇ ਅਜਿਹਾ ਡੂੰਘਾ ਜਾਦੂ ਕੀਤਾ ਕਿ ਦਰਸ਼ਕ ਨੱਚਣ ਲਈ ਮਜ਼ਬੂਰ ਹੋ ਗਏ। ਸਖ਼ਤ ਠੰਢ ਅਤੇ ਸੀਤ ਹਵਾਵਾਂ ਦੇ ਬਾਵਜੂਦ ਹਜ਼ਾਰਾਂ ਕਲਾ ਪ੍ਰੇਮੀਆਂ ਨੇ ਗੀਤ-ਸੰਗੀਤ ‘ਤੇ ਆਧਾਰਿਤ ਸਮਾਗਮ ਦਾ ਦੇਰ ਰਾਤ ਤੱਕ ਆਨੰਦ ਮਾਣਿਆ। ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਅਤੇ ਡੇਪੋ ਤਹਿਤ ਜ਼ਿਲ੍ਹਾ ਸੰਗਰੂਰ ‘ਚ ਚੱਲ ਰਹੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਸਕਰੀਨ ‘ਤੇ ਤਸਵੀਰਾਂ ਤੇ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੇ ਇਨ੍ਹਾਂ ਮਿਸ਼ਨਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਨਾਲ ਨੇੜਿਓਂ ਜੋੜਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਸਭਿਆਚਾਰਕ ਪ੍ਰੋਗਰਾਮ ਦੌਰਾਨ ਨਾਮੀ ਗਾਇਕਾਂ ਨੇ ਅਜਿਹਾ ਰੰਗ ਬੰਨ੍ਹਿਆ ਕਿ ਹਰੇਕ ਦਰਸ਼ਕ ਲਈ ਮਨੋਰੰਜਨ ਦੇ ਇਹ ਪਲ ਯਾਦਗਾਰੀ ਹੋ ਨਿਬੜੇ। ਇਸ ਦੌਰਾਨ ਕਮੇਡੀਅਨ ਅਤੇ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੀ ਨਾਇਕਾ ਸਰਗੁਨ ਮਹਿਤਾ ਤੇ ਟੀਮ ਸਮੇਤ ਮੰਚ ‘ਤੇ ਹਾਜ਼ਰੀ ਲਵਾਈ।
ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ, ਕਾਰਜਕਾਰੀ ਮੈਜਿਸਟਰੇਟ ਪਵਿੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪ੍ਰਸ਼ਾਸ਼ਨ, ਜੁਡੀਸ਼ੀਅਲ ਅਤੇ ਪੁਲਿਸ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਸੁਰਮਈ ਸ਼ਾਮ ਦਾ ਆਨੰਦ ਮਾਣਿਆ। ਸਮਾਗਮ ਦਾ ਆਗਾਜ਼ ਲੋਕ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਕੀਤਾ ਜਿਸ ਤਹਿਤ ਪ੍ਰਸਿੱਧ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਨਾਲ ਆਪਣੀ ਦਮਦਾਰ ਗਾਇਕੀ ਦਾ ਲੋਹਾ ਮਨਵਾਇਆ। ਜ਼ਿਕਰਯੋਗ ਹੈ ਕਿ ਸਕੂਲੀ ਦਿਨਾਂ ਤੋਂ ਹੀ ਗਾਇਕੀ ਨਾਲ ਮੋਹ ਰੱਖਣ ਵਾਲੇ ਇਸ ਗਾਇਕ ਦੇ ਨਾਮ ਨਾਲ ‘ਬਾਵਾ’ ਸ਼ਬਦ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਦੀ ਪ੍ਰਸਿੱਧੀ ਤੋਂ ਬਾਅਦ ਹੀ ਜੁੜਿਆ ਸੀ। ਇਸ ਮਗਰੋਂ ਸਰੋਤਿਆਂ ਦੀ ਮੰਗ ‘ਤੇ ਰਣਜੀਤ ਬਾਵਾ ਨੇ ਆਪਣੇ ਚੋਣਵੇਂ ਗੀਤ ਸੁਣਾਏ ਅਤੇ ਸੰਗੀਤ ਦੀਆਂ ਧੁਨਾਂ ਦੇ ਨਾਲ ਨਾਲ ਆਪਣੇ ਗਾਇਕੀ ਦੇ ਸਫ਼ਰ ਦੀ ਸਾਂਝ ਵੀ ਪਾਈ। ਰਣਜੀਤ ਬਾਵਾ ਨੇ ਸਰਵਣ, ਤੂਫ਼ਾਨ ਸਿੰਘ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਖਿੱਦੋ ਖੂੰਡੀ ਸਮੇਤ ਕਈ ਫਿਲਮਾਂ ‘ਚ ਵੀ ਕਿਰਦਾਰ ਨਿਭਾਏ ਹਨ।
ਸਮਾਗਮ ਨੂੰ ਸਿਖ਼ਰ ‘ਤੇ ਪਹੁੰਚਾਉਂਦਿਆਂ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਗਾਇਕੀ, ਅਦਾਕਾਰੀ, ਕੋਰਿਓਗ੍ਰਾਫੀ, ਗੀਤਕਾਰੀ ਦੇ ਖੇਤਰ ਵਿੱਚ ਦੁਨੀਆਂ ਭਰ ‘ਚ ਆਪਣੀ ਵਿਸ਼ੇਸ਼ ਸਥਾਪਤ ਕਰਨ ਵਾਲੇ ਗੁਰਦਾਸ ਮਾਨ ਨੇ ਛੱਲਾ, ਕੀ ਬਣੂ ਦੁਨੀਆਂ ਦਾ, ਬੂਟ ਪਾਲਸ਼ਾਂ ਸਮੇਤ ਦਰਜਨ ਤੋਂ ਵੀ ਵੱਧ ਗੀਤ ਗਾਏ ਅਤੇ ਸਰੋਤਿਆਂ ਦੀ ਭਰਪੂਰ ਵਾਹੋ ਵਾਹੀ ਹਾਸਲ ਕੀਤੀ। ਸਮਾਗਮ ਦੌਰਾਨ ਅਦਾਕਾਰ ਹੌਬੀ ਧਾਲੀਵਾਲ ਨੇ ਵੀ ਵਿਲੱਖਣ ਅੰਦਾਜ਼ ‘ਚ ਆਪਣੀ ਹਾਜ਼ਰੀ ਲਵਾਈ। ਲੋਕ ਮਨਾਂ ਵਿੱਚ ਸੁਰਮਈ ਯਾਦਾਂ ਛੱਡਦਾ ਹੋਇਆ ਇਹ ਸਮਾਗਮ ਦੇਰ ਰਾਤ ਵੱਖ-ਵੱਖ ਪੇਸ਼ਕਾਰੀਆਂ ਮਗਰੋਂ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰ ਸਮੇਂ ਤੰਦਰੁਸਤ ਮਿਸ਼ਨ ਪੰਜਾਬ ਅਤੇ ਡੇਪੋ ਤਹਿਤ ਸੰਗਰੂਰ ਹਾਫ਼ ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਵੀ ਕਰਵਾਈ ਗਈ ਸੀ ਜਿਸ ਵਿੱਚ 9 ਹਜ਼ਾਰ ਤੋਂ ਵੱਧ ਖੇਡ ਪ੍ਰੇਮੀਆਂ ਨੇ ਸ਼ਾਮਲ ਹੋ ਕੇ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਸੀ।