ਇਸ਼ਕ ਦੀ ਗਲੀ ਵਿਚ ਦਾਖਲ ਹੋਣ ਲਈ ਸੀਸ ਤਲੀ ‘ਤੇ ਧਰ ਕੇ ਆਉਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਮਹਾਂਵਾਕ ਦਾ ਤਰਜਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਨਾਲ ਕੀਤਾ-
ਜਉ ਤਉ ਪ੍ਰੇਮ ਖੇਲਨ ਕਾ ਚਾਉ॥
ਸਿਰ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
ਸੰਨ 1699 ਦੀ ਵਿਸਾਖੀ ਨੂੰ ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ਼ਕ ਦੀ ਕਸਵੱਟੀ ਲਾਈ ਤੇ ਸਿਰਾਂ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਭਾਈ ਦਇਆ ਰਾਮ ਸਨ, ਜੋ ਅੰਮ੍ਰਿਤ ਛਕਣ ਉਪਰੰਤ ਭਾਈ ਦਇਆ ਸਿੰਘ ਬਣੇ ਅਤੇ ਸ੍ਰੀ ਦਸਮੇਸ਼ ਜੀ ਨੇ ਇਨ੍ਹਾਂ ਨੂੰ ‘ਪਿਆਰੇ’ ਦਾ ਖਿਤਾਬ ਬਖਸ਼ਿਆ। ਆਪ ਦਾ ਜਨਮ ਫੱਗਣ ਦੀ ਸੰਗਰਾਂਦ ਨੂੰ ਅੰਮ੍ਰਿਤ ਵੇਲੇ ਸੰਨ 1668 ਵਿਚ ਲਾਹੌਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂਅ ਮੱਈਆ ਰਾਮ ਅਤੇ ਮਾਤਾ ਦਾ ਨਾਂਅ ਸੋਭਾ ਦੇਈ ਸੀ। ਆਪ ਦੇ ਪੁਰਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ। ਜਦੋਂ ਆਪ 13 ਸਾਲਾਂ ਦੇ ਸਨ ਤਾਂ ਮਾਤਾ-ਪਿਤਾ ਨਾਲ ਅਨੰਦਪੁਰ ਸਾਹਿਬ ਆਏ ਅਤੇ ਸ੍ਰੀ ਕਲਗੀਧਰ ਜੀ ਦੇ ਉੱਚੇ-ਸੁੱਚੇ ਇਸ਼ਕ ਵਿਚ ਇਸ ਤਰ੍ਹਾਂ ਡੁੱਬ ਗਏ ਕਿ ਚਾਰ ਸਾਲ ਘਰ ਹੀ ਨਹੀਂ ਗਏ। ਇਥੇ ਹੀ ਆਪ ਨੇ ਸ਼ਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ। ਫਿਰ ਮਾਤਾ-ਪਿਤਾ ਦਾ ਸੁਨੇਹਾ ਮਿਲਿਆ ਤਾਂ ਆਪ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਲਾਹੌਰ ਗਏ। 25 ਮਈ, 1684 ਈ: ਨੂੰ ਇਨ੍ਹਾਂ ਦਾ ਵਿਆਹ ਬੀਬੀ ਦਿਆਲੀ ਨਾਲ ਹੋਇਆ। ਛੇਤੀ ਹੀ ਆਪ ਪਤਨੀ ਸਮੇਤ ਗੁਰੂ ਚਰਨਾਂ ਵਿਚ ਪੁੱਜ ਗਏ। ਸੰਨ 1685 ਈ: ਵਿਚ ਜਦੋਂ ਸ੍ਰੀ ਦਸਮੇਸ਼ ਜੀ ਪਾਉਂਟਾ ਸਾਹਿਬ ਗਏ ਤਾਂ ਭਾਈ ਦਇਆ ਸਿੰਘ ਵੀ ਨਾਲ ਸਨ। ਉਨ੍ਹਾਂ ਦੇ ਘਰ ਦੋ ਸਪੁੱਤਰ ਭਾਈ ਕ੍ਰਿਪਾਲ ਸਿੰਘ ਅਤੇ ਭਾਈ ਜਵਾਹਰ ਸਿੰਘ ਹੋਏ ਅਤੇ ਦੋ ਸਪੁੱਤਰੀਆਂ ਬੀਬੀ ਮੰਨਤ ਕੌਰ ਅਤੇ ਬੀਬੀ ਅਨੰਦ ਕੌਰ ਹੋਈਆਂ। ਵਿਸਾਖੀ ਵਾਲੇ ਦਿਨ ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਭਾਈ ਦਇਆ ਸਿੰਘ ਨੂੰ ਸ੍ਰੀ ਦਸਮੇਸ਼ ਜੀ ਨੇ ਏਨਾ ਪਿਆਰ ਕੀਤਾ ਕਿ ਸੰਗਤ ਨੂੰ ਕਿਹਾ ਕਿ ਇਹ ਸਾਡੇ ਸਮਰੂਪ ਹੀ ਹਨ। ਚਮਕੌਰ ਦੀ ਅਸਾਵੀਂ ਅਤੇ ਭਿਆਨਕ ਜੰਗ ਵਿਚ ਖਾਲਸੇ ਦੀ ਬੇਨਤੀ ‘ਤੇ ਜਦੋਂ ਮਹਾਰਾਜ ਜੀ ਨੇ ਗੜ੍ਹੀ ਵਿਚੋਂ ਚਾਲੇ ਪਾਏ ਤਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਆਪ ਦੇ ਨਾਲ ਹੀ ਤੁਰੇ ਅਤੇ ਮਾਛੀਵਾੜੇ ਦੇ ਜੰਗਲਾਂ ਵਿਚ ਜਾ ਮਿਲੇ। ਦੀਨਾ ਕਾਂਗੜ ਵਿਖੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਭਾਈ ਦਇਆ ਸਿੰਘ ਹੱਥ ਹੀ ਭੇਜਿਆ। ਮਹਾਰਾਜ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਅੰਤਿਮ ਅਰਦਾਸ ਭਾਈ ਸਾਹਿਬ ਨੇ ਹੀ ਕੀਤੀ। ਸਾਹਿਬਾਨ ਦੇ ਹੁਕਮ ਅਨੁਸਾਰ ਭਾਈ ਸਾਹਿਬ ਸ੍ਰੀ ਹਜ਼ੂਰ ਸਾਹਿਬ ਹੀ ਰਹੇ ਪਰ ਅਵਸਥਾ ਅਤਿ ਦੀ ਵੈਰਾਗਮਈ ਸੀ। ਅੰਤਿਮ ਸਾਹਾਂ ਤੱਕ ਸਾਥ ਨਿਭਾਅ ਕੇ ਭਾਈ ਦਇਆ ਸਿੰਘ 14 ਦਿਨਾਂ ਮਗਰੋਂ ਭਾਵ 21 ਅਕਤੂਬਰ, 1708 ਈ: ਨੂੰ ਅੰਮ੍ਰਿਤ ਵੇਲੇ ਪਾਠ ਅਤੇ ਅਰਦਾਸ ਕਰਕੇ ਅਕਾਲ ਚਲਾਣਾ ਕਰ ਗਏ ਅਤੇ ਆਪਣੇ ਮਹਿਬੂਬ ਪਾਤਸ਼ਾਹ ਦੇ ਚਰਨਾਂ ਵਿਚ ਪੁੱਜ ਗਏ।