ਪਾਕਿਸਤਾਨ/ਅੰਮ੍ਰਿਤਸਰ:ਸਿੱਖਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਗਿਆ ਹੈ। ਇਸੇ ਤਹਿਤ ਪਾਕਿਸਤਾਨ ਵਲੋਂ ਇਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ। ਪਾਕਿਸਤਾਨੀ ਏਜੰਸੀ ਐੱਫ. ਆਈ. ਨੇ. ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਆਉਣ-ਜਾਣ ਲਈ ਪਲਾਨ ਤਿਆਰ ਕਰ ਲਿਆ ਹੈ। ਇਸ ਦੇ ਮੁਤਾਬਕ ਭਾਰਤ ਤੋਂ ਰੋਜ਼ਾਨਾ 500 ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਣਗੇ। ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਜਾਣ ਲਈ ਸ਼ਰਧਾਲੂਆਂ ਨੂੰ ਟਿਕਟ ਲੈਣੀ ਪਵੇਗੀ ਅਤੇ ਹਰ ਸ਼ਰਧਾਲੂ ਨੂੰ 500 ਰੁਪਏ ਦੇਣੇ ਪੈਣਗੇ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਫੀਸ ਪਾਕਿਸਤਾਨੀ ਕਰੰਸੀ ‘ਚ ਦਿੱਤੀ ਜਾਵੇਗੀ ਜਾਂ ਫਿਰ ਭਾਰਤੀ’ਚ।
ਪਾਕਿਸਤਾਨ ਸਾਫ ਕਰ ਚੁੱਕਾ ਹੈ ਕਿ ਸ਼ਰਧਾਲੂ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਦਰਸ਼ਨ ਕਰ ਸਕਣਗੇ। ਉੱਥੇ ਹੀ ਦੂਜੇ ਪਾਸੇ ਕਾਰੀਡੋਰ ਖੋਲ੍ਹਣ ਲਈ 32 ਸਾਲਾਂ ਤੋਂ ਅਰਦਾਸ ਕਰਨ ਵਾਲੇ ਬੀ. ਐੱਸ. ਗੋਰਾਇਆਂ ਦਾ ਕਹਿਣਾ ਹੈ ਕਿ 500 ਰੁਪਏ ਫੀਸ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ 15 ਤੋਂ 20 ਰੁਪਏ ਕੀਤਾ ਜਾਣਾ ਚਾਹੀਦਾ ਹੈ। ਕਾਰੀਡੋਰ ਰਾਹੀਂ ਸਿਰਫ 500 ਲੋਕਾਂ ਨੂੰ ਦਰਸ਼ਨ ਦੀ ਮਨਜ਼ੂਰੀ ਦੇਣਾ ਵੀ ਨਾ-ਇਨਸਾਫੀ ਹੈ।