ਬੀਜਿੰਗ– ਵਿਗਿਆਨੀਅਾਂ ਨੇ ਆਸਾਨੀ ਨਾਲ ਬਣਾਏ ਜਾਣ ਵਾਲੇ ਇਕ ਅਜਿਹੇ ਕਾਗਜ਼ ਨੂੰ ਵਿਕਸਿਤ ਕੀਤਾ ਹੈ, ਜਿਸ ’ਤੇ ਵਾਰ-ਵਾਰ ਲਿਖਿਆ ਜਾਂ ਪ੍ਰਿੰਟ ਕੀਤਾ ਜਾ ਸਕਦਾ ਹੈ। ਪ੍ਰਿੰਟ ਸਮੱਗਰੀਅਾਂ ਦੀ ਅਕਸਰ ਇਕ ਵਾਰ ਹੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਚਰਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਫੈਲਦਾ ਹੈ। ਚੀਨ ’ਚ ਫੁਜਿੰਯਾਨ ਨਾਰਮਲ ਯੂਨੀਵਰਸਿਟੀ ਦੇ ਖੋਜਕਾਰ ਲੰਮੇ ਸਮੇਂ ਤੱਕ ਚੱਲਣ ਵਾਲੇ ਅਤੇ ਮੁੜ ਲਿਖਣ ਲਾਇਕ ਕਾਗਜ਼ ਬਣਾਉਣ ਦੀ ਇਕ ਅਜਿਹੀ ਸੌਖਾਲੀ ਵਿਧੀ ਵਿਕਸਿਤ ਕਰਨਾ ਚਾਹੁੰਦੇ ਸਨ, ਜਿਸ ਨੂੰ ਤਾਪਮਾਨ ’ਚ ਬਦਲਾਅ ਕਰ ਕੇ ਆਸਾਨੀ ਨਾਲ ਸਾਫ ਕੀਤਾ ਜਾ ਸਕੇ।
‘ਏ. ਸੀ. ਐੱਸ. ਅਪਲਾਈਡ ਮੈਟੇਰੀਅਲਸ ਐਂਡ ਇੰਟਰਫੇਸੇਜ਼’ ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਸ ਕਾਗਜ਼ ’ਤੇ ਲਿਖਿਆ ਸੰਦੇਸ਼ 6 ਮਹੀਨੇ ਤੋਂ ਵੀ ਵੱਧ ਸਮੇਂ ਤੱਕ ਦਿਖਾਈ ਦੇ ਸਕਦਾ ਹੈ ਜਦੋਂ ਕਿ ਮੁੜ ਲਿਖਣ ਲਾਇਕ ਹੋਰ ਤਰ੍ਹਾਂ ਦੇ ਕਾਗਜ਼ਾਂ ’ਤੇ ਲਿਖੀ ਗੱਲ ਕੁਝ ਦਿਨਾਂ ਜਾਂ ਕੁਝ ਮਹੀਨੇ ਬਾਅਦ ਹੀ ਮਿਟਣ ਲਗਦੀ ਹੈ। ਮੁੜ ਲਿਖਣ ਲਾਇਕ ਕਾਗਜ਼ ਦਾ ਵਿਚਾਰ ਨਵਾਂ ਨਹੀਂ ਹੈ। ਪਿਛਲੇ ਕੁਝ ਦਹਾਕਿਅਾਂ ਤੋਂ ਖੋਜਕਾਰਾਂ ਨੇ ਕਈ ਸਮੂਹ ਵੱਖ-ਵੱਖ ਖੋਜ ਰਣਨੀਤੀਅਾਂ ਨਾਲ ਇਸ ਕੰਮ ’ਚ ਲੱਗੇ ਹੋਏ ਹਨ।