ਮੁੰਬਈ–ਅਕਸਰ ਵੱਡਿਆਂ ਵੱਲੋਂ ਬੱਚਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਪਟਾਕੇ ਚਲਾਉਂਦੇ ਸਮੇਂ ਸਾਵਧਾਨੀ ਵਰਤੋਂ ਪਰ ਕਈ ਲੋਕ ਗੱਲ ਨਾ ਮੰਨਣ ‘ਤੇ ਇਸਦਾ ਖਾਮੀਆਜਾ ਵੀ ਭੁਗਤਦੇ ਹਨ। ਇਸ ਤਰ੍ਹਾਂ ਦਾ ਮਾਮਲਾ ਮੁੰਬਈ ਦੇ ਠਾਣੇ ਦਾ ਹੈ, ਜਿਥੇ ਇਕ 14 ਸਾਲ ਦਾ ਲੜਕਾ ਪਟਾਕੇ ਚਲਾਉਂਦੇ ਸਮੇਂ ਆਪਣੀ ਅੱਖ ਦੀ ਰੌਸ਼ਨੀ ਗੁਆ ਬੈਠਾ।
ਬੀਤੇ ਮੰਗਲਵਾਰ ਨੂੰ ਨਰਕ ਚਤੁਰਦਸ਼ੀ ਸੀ। ਇਸ ਮੌਕੇ ਵਿਨੇ ਕੇਣੀ ਨਾਮ ਦਾ ਇਹ ਬੱਚਾ ਆਪਣੇ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ। ਪਟਾਕੇ ਚਲਾਉਣ ਦੌਰਾਨ ਇਕ ਪੱਥਰ ਉੱਛਲ ਕੇ ਵਿਨੇ ਦੀ ਸੱਜੀ ਅੱਖ ‘ਚ ਵੜ ਗਿਆ। ਅੱਖ ਜਖਮੀ ਹੋਣ ਕਾਰਨ ਵਿਨੇ ਚੀਕਣ ਲੱਗਾ। ਉਸ ਨੂੰ ਤੁਰੰਤ ਮੁੰਬਈ ਦੇ ਜੇ. ਜੇ. ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਅੱਖ ਦਾ ਆਪ੍ਰੇਸ਼ਨ ਕਰਕੇ ਪੱਥਰ ਤਾਂ ਕੱਢ ਦਿੱਤਾ ਪਰ ਵਿਨੇ ਦੀ ਅੱਖ ਦੀ ਰੌਸ਼ਨੀ ਚਲੀ ਗਈ। ਡਾਕਟਰਾਂ ਮੁਤਾਬਕ ਹੁਣ ਵਿਨੇ ਉਸ ਅੱਖ ਨਾਲ ਕਦੀ ਨਹੀਂ ਦੇਖ ਸਕੇਗਾ। ਇਸ ਸਮੇਂ ਵਿਨੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਉਸ ਨੂੰ ਹਾਲੇ ਇਕ ਹਫਤੇ ਤੱਕ ਹਸਪਤਾਲ ‘ਚ ਹੀ ਰੱਖਣਾ ਪਵੇਗਾ।