ਚੰਡੀਗੜ੍ਹ— ਪੰਜਾਬ ‘ਚ ਇਸ ਮਹੀਨੇ ਮਿੱਲਾਂ ‘ਚ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਗੰਨੇ ਦਾ ਮੁੱਲ ਘੱਟ ਲੱਗਣ ਕਾਰਨ ਕਿਸਾਨਾਂ ਨੂੰ ਘਾਟਾ ਸਹਿਣਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ, ਪੰਜਾਬ ਸਰਕਾਰ ਖੰਡ ਮਿੱਲਾਂ ਨੂੰ ਦਿੱਤੀ ਜਾਣ ਵਾਲੀ 300 ਕਰੋੜ ਰੁਪਏ ਦੀ ਸਬਸਿਡੀ ਦੇਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਓਧਰ ਖੰਡ ਮਿੱਲਾਂ ਨੇ ਵੀ ਕਹਿ ਦਿੱਤਾ ਹੈ ਕਿ ਉਹ 275 ਰੁਪਏ ਦੇ ਮੁੱਲ ‘ਤੇ ਹੀ ਗੰਨਾ ਖਰੀਦਣਗੀਆਂ ਅਤੇ ਬਾਕੀ ਰਕਮ ਸੂਬਾ ਸਰਕਾਰ ਦੇਵੇ ਪਰ ਮਾਲੀ ਤੰਗੀ ‘ਚੋਂ ਲੰਘ ਰਹੀ ਪੰਜਾਬ ਸਰਕਾਰ ਲਈ ਇਹ ਸੰਭਵ ਨਹੀਂ ਦਿਸ ਰਿਹਾ।
ਕੇਂਦਰ ਸਰਕਾਰ ਨੇ ਪੰਜਾਬ ‘ਚ ਗੰਨੇ ਦਾ ਮੁੱਲ 310 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜਦੋਂ ਕਿ ਮਿੱਲਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਮਿੱਥੇ ਪ੍ਰਤੀ ਕੁਇੰਟਲ 275 ਰੁਪਏ ਮੁੱਲ ‘ਤੇ ਹੀ ਗੰਨਾ ਖਰੀਦਣਗੀਆਂ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਾਲ 1 ਲੱਖ 5 ਹਜ਼ਾਰ ਹੈਕਟੇਅਰ ਰਕਬੇ ‘ਚ ਗੰਨਾ ਬੀਜਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲ ਗੰਨੇ ਦਾ ਰਕਬਾ 95 ਹਜ਼ਾਰ ਹੈਕਟੇਅਰ ਸੀ। ਇਸ ਵਾਰ ਮਿੱਲਾਂ ਦਾ ਰੌਲਾ ਵੀ ਘੱਟ ਦਿਸ ਰਿਹਾ ਹੈ। ਮਿੱਲਾਂ ਵਾਲਿਆਂ ਨੇ ਹੁਣ ਤਕ ਨਾ ਤਾਂ ਗੰਨਾ ਬਾਂਡ ਕੀਤਾ ਹੈ ਤੇ ਨਾ ਹੀ ਸਰਵੇ ਕਰਵਾਏ ਹਨ। ਸਰਕਾਰ ਅਤੇ ਮਿੱਲਾਂ ਦੇ ਲਾਪ੍ਰਵਾਹ ਵਤੀਰੇ ਕਾਰਨ ਕਿਸਾਨਾਂ ‘ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਹਾਲ ਹੀ ‘ਚ ਚੰਡੀਗੜ੍ਹ ‘ਚ ਮਿੱਲਾਂ ਵਾਲਿਆਂ ਅਤੇ ਕਿਸਾਨ ਸੰਗਠਨਾਂ ਦੇ ਆਗੂਆਂ ਵਿਚਕਾਰ ਹੋਈ ਮੀਟਿੰਗ ‘ਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ।