ਅੰਮ੍ਰਿਤਸਰ : ”ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।” ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਆਫਰ ਕੀਤੀ ਹੈ। ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਬਿਆਨ ਦਿੱਤਾ, ”ਸਤਿਕਾਰਯੋਗ ਲੀਡਰਾਂ ਨੇ ਸਾਰੀ ਜ਼ਿੰਦਗੀ ਪਾਰਟੀ ਲਈ ਲਾਈ ਹੈ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ, ਉਹ ਮੇਰੇ ਬਜ਼ੁਰਗਾਂ ਵਾਂਗ ਹਨ, ਮੈਨੂੰ ਹੁਕਮ ਕਰਨ ਮੈਂ ਉਨ੍ਹਾਂ ਕੋਲ ਗੱਲ ਕਰਨ ਚਲਾ ਜਾਵਾਂਗਾ। ਪਾਰਟੀ ਚਾਹੇ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਮੈਂ ਅਹੁਦੇ ਤੋਂ ਸੇਵਾਮੁਕਤ ਹੋਣ ਲਈ ਤਿਆਰ ਹਾਂ।”ਸੁਖਬੀਰ ਬਾਦਲ ਨੇ ਆਪਣੀ ਪੁਰਾਣੀ ਗੱਲ ਮੁੜ ਦੁਹਰਾਈ ਅਤੇ ਕਿਹਾ ਕਿ ਪਾਰਟੀ ਸਭ ਤੋਂ ਵੱਡੀ ਹੈ ਅਤੇ ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ, ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ।
‘ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ’ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ, ”ਪਾਰਟੀ ਖ਼ਤਮ ਹੋ ਗਈ, ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਪਾਰਟੀ ਵੀ ਕੀ ਕਰੂ ਤੇ ਹੋਰ ਅਹੁਦੇਦਾਰ ਕੀ ਕਰਨਗੇ। ਮੈਂ ਸੁਆਗਤ ਕਰਦਾ ਹਾਂ ਉਨ੍ਹਾਂ ਦੇ ਬਿਆਨ ਦਾ, ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਗੱਲ ਕਹੀ ਹੈ।”
ਸੇਵਾ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਪਾਰਟੀ ਦੀ ਭਲਾਈ ਸਭ ਤੋਂ ਉੱਤੇ ਹੈ। ਸਾਡਾ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਸੀ। ਪਾਰਟੀ ਤੀਸਰੇ ਨੰਬਰ ਤੇ ਆ ਗਈ ਹੈ, ਇਹ ਸਾਡੀ ਚਿੰਤਾ ਸੀ, ਅਸੀਂ ਪੰਥਕ ਏਜੰਡਾ ਵੀ ਛੱਡ ਦਿੱਤਾ ਸੀ ਇਸ ਕਰਕੇ ਅਕਾਲੀ ਦਲ ਦਾ ਇਹ ਹਸ਼ਰ ਹੋਇਆ।