ਚੰਡੀਗੜ੍ਹ : ਹਰਿਆਣਾ ਦੇ ਬਰਵਾਲਾ ਵਿਖੇ ਸਤਲੋਕ ਆਸ਼ਰਮ ਵਿਚ ਸਾਲ 2004 ਵਿਚ ਇਕ ਬੱਚੇ ਅਤੇ ਚਾਰ ਔਰਤਾਂ ਦੀ ਮੌਤ ਦੇ ਮਾਮਲੇ ਵਿਚ ਆਪੇ ਬਣੇ ਬਾਬੇ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਆਖ਼ਰੀ ਸਾਹ ਤਕ ਜੇਲ ਵਿਚ ਹੀ ਰਹੇਗਾ। ਰਾਮਪਾਲ ਦੇ ਬੇਟੇ ਵਿਜੇਂਦਰ ਸਣੇ 15 ਹੋਰਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਇਲਾਵਾ ਸਾਰਿਆਂ ‘ਤੇ ਇਕ-ਇੱਕ ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ। ਬਰਵਾਲਾ ਦੇ ਸਤਲੋਕ ਆਸ਼ਰਮ ਵਿਚ 16 ਨਵੰਬਰ 2014 ਨੂੰ ਹੋਈ ਹਿੰਸਾ ਵਿਚ ਚਾਰ ਔਰਤਾਂ ਸਣੇ ਡੇਢ ਸਾਲ ਦੇ ਬੱਚੇ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਰਾਮਪਾਲ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਗਿਆਰਾਂ ਅਕਤੂਬਰ ਨੂੰ ਉਸ ਨੂੰ ਇਸ ਕੇਸ ਵਿਚ ਆਈ.ਪੀ.ਸੀ. ਦੀ ਧਾਰਾ 302, 343 ਅਤੇ 120 ਬੀ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਇਕ ਹੋਰ ਕੇਸ ਵਿਚ ਰਾਮਪਾਲ ਨੂੰ ਕੱਲ ਸਜ਼ਾ ਸੁਣਾਈ ਜਾਵੇਗੀ। ਅੱਜ ਰਾਮਪਾਲ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਹਿਸਾਰ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ ਗਿਆ ਸੀ। ਜ਼ਿਲ੍ਹੇ ਵਿਚ 10 ਅਕਤੂਬਰ ਤੋਂ ਹੀ ਧਾਰਾ 144 ਲਾ ਦਿੱਤੀ ਗਈ ਸੀ। ਇਥੇ ਸੱਤ ਜ਼ਿਲ੍ਹਿਆਂ ਦੀ ਪੁਲਿਸ ਫ਼ੋਰਸ ਸਣੇ 2000 ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।