ਮਿੰਨੀ ਬਸ ਜਦੋਂ ਪਿੰਡ ਦੇ ਬਸ ਅੱਡੇ ’ਤੇ ਆ ਕੇ ਰੁਕੀ ਤਾਂ ਅਮਨਦੀਪ ਤੇ ਸੁਖਚੈਨ ਬਸ ਵਿਚੋਂ ਹਸਦੇ ਹਸਦੇ ਥੱਲੇ ਉਤਰੇ। ਸਜਰੇ ਵਿਆਹ ਦਾ ਚਾਅ ਦੋਹਾਂ ਦੇ ਚਿਹਰਿਆਂ ’ਤੇ ਠਾਠਾਂ ਮਾਰ ਰਿਹਾ ਸੀ। ਅਮਨਦੀਪ ਰੱਜੇ ਪੁੱਜੇ ਜ਼ੈਲਦਾਰ ਘਮੰਡ ਸਿੰਘ ਦੀ ਇਕਲੌਤੀ ਧੀ ਸੀ। ਬੜੇ ਲਾਡਾਂ ਪਿਆਰਾਂ ਨਾਲ ਪਾਲੀ ਸੀ, ਜੋ ਸ਼ਹਿਰ ਪੜ੍ਹਦੀ ਸੀ। ਘਮੰਡ ਸਿੰਘ ਦਾ ਘਮੰਡ ਸਾਰੇ ਇਲਾਕੇ ਵਿਚ ਮਸ਼ਹੂਰ ਸੀ। ਉਸ ਦਾ ਇਕ ਪੁੱਤਰ ਜਗਤਾਰ, ਅਫ਼ਰੀਕਾ ਪੜ੍ਹ ਰਿਹਾ ਸੀ। ਪੂਰੀ ਢਾਈ ਸੌ ਕਿੱਲਾ ਜ਼ਮੀਨ ਸੀ ਉਹਦੇ ਕੋਲ। ਆਏ ਸਾਲ ਜਾਇਦਾਦ ਵਿਚ ਵਾਧਾ ਹੁੰਦਾ ਸੀ। ਘਮੰਡ ਸਿੰਘ ਦੇ ਪਿੰਡ ਵਿਚ ਕਦੇ ਵੀ ਕੋਈ ਉਨੀਂ-ਇਕੀ ਗੱਲ ਨਹੀਂ ਸੀ ਹੋਈ।
ਪਰ ਅੱਜ ਉਸ ਦੀ ਅਪਣੀ ਲੜਕੀ ਮਰਜ਼ੀ ਨਾਲ ਵਿਆਹ ਕਰਵਾ ਕੇ ਕਿਸੇ ਦਲਿਤ ਪ੍ਰਵਾਰ ਦੇ ਲੜਕੇ ਨੂੰ ਨਾਲ ਲੈ ਕੇ ਆ ਰਹੀ ਸੀ। ਪਿੰਡ ਦਾ ਜਿਹੜਾ ਵੀ ਬੰਦਾ ਜਾਂ ਤ੍ਰੀਮਤ ਵੇਖਦੀ, ਉਹਦਾ ਮੂੰਹ ਅਡਿਆ ਹੀ ਰਹਿ ਜਾਂਦਾ।
‘‘ਕੁੜੇ ਇਹ ਜ਼ੈਲਦਾਰ ਦੀ ਕੁੜੀ ਕਦੋਂ ਵਿਆਹੀ ਗਈ?’’ ਤੀਵੀਆਂ ਆਪਸ ਵਿਚ ਘੁਸਰ-ਮੁਸਰ ਕਰ ਰਹੀਆਂ ਸਨ।
‘‘ਨੀ ਭੈਣੇ! ਕੀ ਪਤਾ ਇਨ੍ਹਾਂ ਪੜ੍ਹੀਆਂ ਲਿਖੀਆਂ ਦਾ, ਕਦੋਂ ਚੰਨ ਚਾੜ੍ਹ ਦੇਣ? ਕੁੜੀ ਕਤਰੀ ਤਾਂ ਦੇਹਲੀ ਦੇ ਅੰਦਰ ਹੀ ਚੰਗੀ ਐ, ਮਾਣ ਸਨਮਾਨ ਨਾਲ ਸੱਚੀ ਸੁੱਚੀ ਤੇ ਬੇਗਾਨੀ ਅਮਾਨਤ ਅਪਣੇ ਘਰ ਪਹੁੰਚ ਜਾਵੇ।’’ ਦੂਜੀ ਨੇ ਜਵਾਬ ਦਿਤਾ।
‘‘ਕੁੜੇ! ਇਸ ਨੇ ਤਾਂ ਬਿਲਕੁਲ ਨਾ ਸੋਚਿਆ। ਪਿਉ ਘਰੇ ਕਿਵੇਂ ਵੜਨ ਦੇਊ? ਵੱਢ ਕੇ ਡਕਰੇ ਨਾ ਕਰ ਦੇੳੂ। ਉਹ ਤਾਂ ਪਿੰਡ ਵਿਚ ਵੀ ਕੋਈ ਉੱਚੀ ਨੀਵੀਂ ਗੱਲ ਬਰਦਾਸ਼ਤ ਨਹੀਂ ਕਰਦਾ। ਕੋਈ ਭਾਣਾ ਵਰਤਿਆ ਈ ਲੈ’’ ਪਰ ਅਮਨਦੀਪ ਤੇ ਸੁਖਚੈਨ ਇਸ ਗੱਲ ਤੋਂ ਬੇਖ਼ਬਰ ਹਸਦੇ ਖੇਡਦੇ ਘਰ ਵਲ ਜਾ ਰਹੇ ਸਨ, ‘‘ਵੇਖੀਂ ਅਮਨਦੀਪ, ਬਾਪੂ ਜੀ ਕਿਤੇ ਗੋਲੀ ਹੀ ਨਾ ਮਾਰ ਦੇਣ?’’ ਸੁਖਚੈਨ ਬੋਲਿਆ।
‘‘ਤੂੰ ਬੰਦਾ ਹੋ ਕੇ ਏਨਾ ਡਰਦਾ ਏਂ, ਗੋਲੀ ਮਾਰਨੀ ਹੋਈ ਤਾਂ ਮਾਰ ਦੇਣ। ਵੇਖੀ ਜਾਊ, ਹੌਸਲਾ ਰੱਖ।’’ ਅਮਨਦੀਪ ਬੋਲੀ।
ਕੁੱਝ ਪਿੰਡ ਦੇ ਬੰਦੇ, ਜ਼ਨਾਨੀਆਂ ਬਿੜਕਾਂ ਲੈਂਦੇ ਮਗਰ ਆ ਰਹੇ ਸਨ। ਅਮਨਦੀਪ ਨੇ ਹਵੇਲੀ ਦੇ ਮੁੱਖ ਦਰਵਾਜ਼ੇ ਨੂੰ ਧੱਕਾ ਮਾਰਿਆ। ਚੂੰ ਕਰਦਾ ਦਰਵਾਜ਼ਾ ਖੁਲ੍ਹ ਗਿਆ। ਵਿਹੜੇ ਵਿਚ ਕੋਈ ਨਹੀਂ ਸੀ। ਸੁਖਚੈਨ ਅੰਦਰ ਜਾਣ ਤੋਂ ਕੇਰਾਂ ਝਿਜਕਿਆ। ਅਮਨਦੀਪ ਬਾਂਹ ਫੜ ਕੇ ਅੰਦਰ ਲੈ ਗਈ। ਵਿਹੜਾ ਲੰਘ ਕੇ ਜਦੋਂ ਉਹ ਅੰਦਰ ਗਏ ਤਾਂ ਘਮੰਡ ਸਿੰਘ ਪਿੰਡ ਦੇ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ। ਜਿਉਂ ਹੀ ਅਮਨਦੀਪ ਤੇ ਸੁਖਚੈਨ ਅੰਦਰ ਲੰਘੇ ਤਾਂ ਉਨ੍ਹਾਂ ਨੂੰ ਵੇਖ ਕੇ ਉਹ ਇਕਦਮ ਤ੍ਰਭਕ ਗਿਆ। ‘‘ਸਤਿ ਸ੍ਰੀ ਅਕਾਲ ਪਾਪਾ ਜੀ।’’ ਅਮਨਦੀਪ ਹੱਥ ਜੋੜ ਕੇ ਬੋਲੀ।
ਪਰ ਘਮੰਡ ਸਿੰਘ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਅਪਣੀ ਕੁਆਰੀ ਧੀ ਨੂੰ ਵਿਆਹੇ ਰੂਪ ਵਿਚ ਵੇਖ ਕੇ, ਉਸ ਦੀ ਜ਼ਬਾਨ ਤਾਲੂਏ ਨੂੰ ਜਾ ਲੱਗੀ। ਉਸ ਦੇ ਅੰਗ ਅੰਗ ਵਿਚੋਂ ਅੰਗੀਆਰ ਨਿਕਲਦੇ ਲੱਗੇ। ਸ੍ਰੀਰ ਇਕਦਮ ਲਾਲ ਹੋ ਗਿਆ। ਪਿੰਡ ਦਾ ਬੰਦਾ ਵੀ ਹੱਕਾ-ਬੱਕਾ ਸਾਰਾ ਕੌਤਕ ਵੇਖ ਰਿਹਾ ਸੀ। ‘‘ਅਮਨਦੀਪ!’’ ਉਹ ਇਕਦਮ ਚੀਕਿਆ, ‘‘ਤੂੰ ਇਹ ਕੀ ਕਹਿਰ ਵਰਤਾਇਆ। ਕੌਣ ਏ ਇਹ ਮੁੰਡਾ?’’
‘‘ਪਾਪਾ ਜੀ, ਇਹ ਸੁਖਚੈਨ ਏ, ਮੇਰਾ ਕਲਾਸਮੇਟ। ਮੈਂ ਇਸ ਨਾਲ ਵਿਆਹ ਕਰਵਾ ਲਿਐ। ਹੁਣ ਮੈਂ ਬਾਲਗ਼ ਹਾਂ ਅਤੇ ਅਪਣੀ ਮਰਜ਼ੀ ਕਰ ਸਕਦੀ ਹਾਂ।’’ ਰੌਲਾ ਸੁਣ ਕੇ ਅਮਨਦੀਪ ਦੀ ਮਾਂ ਤੇਜੋ ਰਸੋਈ ਵਿਚੋਂ ਭੱਜੀ ਆਈ।
‘‘ਕੀ ਹੋਇਆ ਜੀ?’’ ਏਨਾ ਹੀ ਆਖ ਸਕੀ ਸੀ ਕਿ ਅਪਣੀ ਧੀ ਨੂੰ ਦੁਲਹਨ ਦੇ ਰੂਪ ਵਿਚ ਸਜੀ ਸੰਵਰੀ ਵੇਖ ਕੇ ਜਿਵੇਂ ਉਹ ਬੁੱਤ ਹੀ ਬਣ ਗਈ ਤੇ ਹੋਰ ਕੁੱਝ ਨਾ ਬੋਲ ਸਕੀ।
‘‘ਤੂੰ ਸਾਡੀ ਮਰਜ਼ੀ ਤੋਂ ਬਿਨਾਂ ਏਨਾ ਵੱਡਾ ਫ਼ੈਸਲਾ ਕਿਵੇਂ ਕਰ ਲਿਆ ਬਦਜਾਤੇ? ਓਏ ਮੇਰਾ ਪਿਸਤੌਲ ਦੇ। ਮੈਨੂੰ ਮੇਰੀ ਔਲਾਦ ਨਾਲੋਂ ਅਪਣੀ ਪੱਗ ਪਿਆਰੀ ਐ। ਮੈਂ ਕਰਾਉਨਾਂ ਇਹਨੂੰ ਇਹਦੀ ਮਰਜ਼ੀ! ਨਾਲੇ ਤੂੰ ਓਏ ਗੰਦੀ ਨਾਲੀ ਦਿਆ ਕੀੜਿਆ, ਮੇਰੀ ਧੀ ਵਰਗਲਾਈ।’’ ਘਮੰਡ ਸਿੰਘ ਭੱਜ ਕੇ ਅੰਦਰ ਜਾਣ ਲੱਗਾ ਤਾਂ ਤੇਜੋ ਮੂਹਰੇ ਹੋ ਗਈ। ਪਿੰਡ ਦੇ ਬੰਦੇ ਨੇ ਭੱਜ ਕੇ ਘਮੰਡ ਸਿੰਘ ਨੂੰ ਫੜ ਲਿਆ ਤੇ ਬੋਲਿਆ, ‘‘ਸਿਆਣਾ ਬਣ ਜ਼ੈਲਦਾਰਾ! ਤੇਰੀ ਅਪਣੀ ਔਲਾਦ ਹੈ।’’
‘‘ਨਹੀਂ ਸਰਵਣਾ, ਛੱਡ ਦੇ ਮੈਨੂੰ। ਜਿਹੜੀ ਔਲਾਦ ਸਾਡੀ ਦੇਹਲੀ ਪੁੱਟੇ, ਸਾਨੂੰ ਨਹੀਂ ਚਾਹੀਦੀ ਇਹੋ ਜਹੀ ਔਲਾਦ। ਅੱਜ ਤਕ ਸਾਡੀਆਂ ਧੀਆਂ ਭੈਣਾਂ ਜੇ ਘਰ ਦੀ ਦੇਹਲੀ ਟਪੀਆਂ ਨੇ ਤਾਂ ਡੋਲੀ ਚੜ੍ਹ ਕੇ ਟੱਪੀਆਂ ਨੇ, ਇਹੋ ਜਹੇ ਕਾਰੇ ਨਹੀਂ ਕੀਤੇ ਕਿਸੇ ਨੇ। ਇਹਨੇ ਸਾਡੀ ਦੇਹਲੀ ’ਤੇ ਅੱਗ ਮਚਾ ਦਿਤੀ। ਅਸੀ ਜਾਨ ਦੇ ਕੇ ਵੀ ਅਪਣੀ ਇੱਜ਼ਤ ਬਚਾਉਣੀ ਜਾਣਦੀ ਹਾਂ’’ ਤੇ ਉਹ ਅਪਣੇ ਆਪ ਨੂੰ ਛੁਡਾਉਣ ਲੱਗਾ।
‘ਬਾਪੂ ਜੀ, ਮੈਂ ਤੁਹਾਡੀ ਗੁਨਾਹਗਾਰ ਹਾਂ। ਤੁਸੀ ਮੇਰੇ ਪਿਤਾ ਹੋ, ਤੁਹਾਨੂੰ ਮੇਰੀ ਜਾਨ ਲੈਣ ਦਾ ਪੂਰਾ ਹੱਕ ਹੈ। ਤੁਸੀ ਸਾਨੂੰ ਦੋਹਾਂ ਨੂੰ ਗੋਲੀ ਮਾਰ ਦਿਉ ਪਰ ਇਸ ਤੋਂ ਪਹਿਲਾਂ ਮੇਰੇ ਕੁੱਝ ਸਵਾਲਾਂ ਦੇ ਜਵਾਬ ਦੇ ਦਿਉ।’’
ਏਨਾ ਸੁਣ ਕੇ ਘਮੰਡ ਸਿੰਘ ਦੇ ਹੱਥ ਰੁਕ ਗਏ।
‘‘ਪੁੱਛ ਕਮਜਾਤੇ ਕੀ ਪੁਛਦੀ ਏਂ?’ ਘਮੰਡ ਸਿੰਘ ਸੱਪ ਦੇ ਜ਼ਹਿਰ ਵਾਂਗ ਗੁੱਸਾ ਨਿਗਲ ਰਿਹਾ ਸੀ।
‘‘ਪਾਪਾ ਜੀ, ਤੁਸੀ ਕਿਹਾ, ਸਾਡੇ ਘਰ ਦੀਆਂ ਧੀਆਂ ਭੈਣਾਂ ਘਰ ਦੀ ਦੇਹਲੀ ਨਹੀਂ ਟੱਪੀਆਂ ਪਰ ਕੀ ਘਰ ਦੇ ਮਰਦ ਜਿੰਨੀਆਂ ਮਰਜ਼ੀ ਗ਼ਰੀਬ ਜ਼ਨਾਨੀਆਂ ਦੀ ਆਬਰੂ ਨਾਲ ਖੇਡਦੇ ਫਿਰਨ? ਕੀ ਮਰਦਾਂ ਨੂੰ ਪੂਰੀ ਖੁਲ੍ਹ ਹੈ?’’ ਅਮਨਦੀਪ ਬੋਲੀ।
‘‘ਕੀ ਮਤਲਬ ਹੈ ਤੇਰਾ?’’ ਘਮੰਡ ਸਿੰਘ ਚੀਕਿਆ।
‘‘ਅਪਣੀ ਸੋਚ ਨੂੰ ਜ਼ਿੰਦਗੀ ਦੇ 26 ਸਾਲ ਪਿਛਲੇ ਸਮੇਂ ਵਿਚ ਲੈ ਜਾਉ। ਯਾਦ ਕਰੋ ਦਲਿਤ ਪ੍ਰਵਾਰ ਦੀ ਲੜਕੀ ਗੁਰਦੇਵ ਕੌਰ ਦੇਬੋ ਨਾਲ ਤੁਹਾਡਾ ਕੀ ਸਬੰਧ ਸੀ, ਜਵਾਬ ਦਿਉ?’’ ਅਮਨਦੀਪ ਪੂਰੇ ਜਲੌ ਵਿਚ ਬੋਲ ਰਹੀ ਸੀ।
ਇਹ ਸੁਣ ਕੇ ਘਮੰਡ ਸਿੰਘ ਦਾ ਸ੍ਰੀਰ ਜਿਵੇਂ ਬਰਫ਼ ਬਣ ਗਿਆ।
‘‘ਕੌਣ ਗੁਰਦੇਬੋ?’’ ਉਹ ਹਿੰਮਤ ਕਰ ਕੇ ਬੋਲਿਆ।
‘‘ਮੇਰੀ ਪਹਿਲੀ ਮਾਂ ਗੁਰਦੇਬੋ, ਜਿਸ ਦੀ ਇੱਜ਼ਤ ਨਾਲ ਤੁਸੀ ਖੇਡਦੇ ਰਹੇ। ਲੰਮੇ ਲੰਮੇ ਵਾਅਦੇ ਕਰਦੇ ਰਹੇ। ਉਸ ਦੀ ਕੁੱਖ ਅਪਣੇ ਪਾਪ ਨਾਲ ਭਰ ਕੇ, ਫਿਰ ਉਸ ਨੂੰ ਮਾਰਨ ਦੀ ਧਮਕੀ ਦੇ ਦਿਤੀ। ਉਸ ਪਿੰਡੋਂ ਬਾਹਰ ਕਢਵਾ ਦਿਤਾ। ਕੀ ਇਹੀ ਏ ਤੁਹਾਡਾ ਧਰਮ? ਦਿਉ ਜਵਾਬ।’’ ਉਹ ਫਿਰ ਬੋਲੀ
ਘਮੰਡ ਸਿੰਘ ਦੀ ਜੀਭ ਨੂੰ ਜਿਵੇਂ ਤੰਦੂਆ ਪੈ ਗਿਆ ਹੋਵੇ। ਚੋਰੀ ਕਰਦੇ ਚੋਰ ਨੂੰ ਉਤੋਂ ਫੜਨ ਜਹੀ ਹਾਲਤ ਹੋ ਗਈ।
‘‘ਮੈਂ ਅਜਿਹਾ ਕੁੱਝ ਨਹੀਂ ਕੀਤਾ। ਮੈਂ ਕਿਸੇ ਗੁਰਦੇਬੋ ਨੂੰ ਨਹੀਂ ਜਾਣਦਾ।’’ ਘਮੰਡ ਸਿੰਘ ਨੇ ਸਰਸਰੀ ਜਿਹਾ ਜਵਾਬ ਦਿਤਾ।
ਉਹ ਫਿਰ ਗਰਜੀ, ‘‘ਮੁਕਰੋ ਨਾ ਪਾਪਾ ਜੀ, ਇਸ ਦਾ ਜਿੰਦਾ ਜਾਗਦਾ ਸਬੂਤ ਸੁਖਚੈਨ, ਤੁਹਾਡਾ ਤੇ ਗੁਰਦੇਬੋ ਦਾ ਪੁੱਤਰ, ਤੁਹਾਡੇ ਸਾਹਮਣੇ ਖੜਾ ਹੈ।’’
ਏਨਾ ਸੁਣਨ ਸਾਰ ਘਮੰਡ ਸਿੰਘ ਨੇ ਅਪਣਾ ਸਿਰ ਫੜ ਲਿਆ ਤੇ ਉਸ ਨੇ ਇਕ ਨਜ਼ਰ ਸੁਖਚੈਨ ’ਤੇ ਮਾਰੀ।
‘‘ਬਾਪੂ ਜੀ ਅਸੀ ਤੁਹਾਡੇ ’ਤੇ ਝੂਠਾ ਦੋਸ਼ ਨਹੀਂ ਲਾ ਸਕਦੇ। ਗੁਨਾਹ ਤੇ ਪਰਦਾ ਵੀ ਨਹੀਂ ਪਾਉਣ ਦੇ ਸਕਦੇ। ਤੁਸੀ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹੋ ਕਿ ਇਹ ਸੱਭ ਝੂਝ ਹੈ।’’ ਅਮਨਦੀਪ ਬੋਲੀ।
ਹੁਣ ਘਮੰਡ ਸਿੰਘ ਦੀਆਂ ਅੱਖਾਂ ਪਰਲ ਪਰਲ ਵਗਣ ਲੱਗ ਪਈਆਂ।
‘‘ਹਾਂ, ਪੁੱਤਰ। ਇਹ ਸੱਚ ਹੈ। ਮੈਂ ਦੇਬੋ ਦਾ ਗੁਨਾਹਗਾਰ ਹਾਂ। ਮੈਨੂੰ ਅਪਣੀ ਮਾਣ ਮਰਿਆਦਾ ਤੇ ਸਰਦਾਰੀ ਖ਼ਾਤਰ ਉਸ ਨੂੰ ਠੋਕਰ ਮਾਰਨੀ ਪਈ। ਮੇਰਾ ਉਹੀ ਪਿਛੋਕੜ ਅੱਜ ਚੁਨੌਤੀ ਬਣ ਕੇ ਮੇਰੇ ਸਾਹਮਣੇ ਆ ਗਿਐ। ਮੇਰੀ ਔਲਾਦ ਨੇ ਮੇਰੀ ਪੱਗ ਲੀਰੋ ਲੀਰ ਕਰ ਦਿਤੀ ਹੈ।’’ ਘਮੰਡ ਸਿੰਘ ਜਾਰੋ ਜਾਰ ਰੋ ਰਿਹਾ ਸੀ।
‘‘ਨਹੀਂ ਬਾਪੂ ਜੀ। ਇਹ ਨਾ ਕਹੋ। ਤੁਹਾਡੀ ਲਾਡਾਂ ਪਿਆਰਾਂ ਨਾਲ ਪਾਲੀ ਧੀ ਇਸ ਤਰ੍ਹਾਂ ਤੁਹਾਡੀ ਪੱਗ ਨੂੰ ਠੋਕਰ ਨਹੀਂ ਮਾਰ ਸਕਦੀ। ਸੁਖਚੈਨ ਤਾਂ ਮੇਰਾ ਵੱਡਾ ਵੀਰ ਹੈ। ਭੈਣ-ਭਰਾ ਦਾ ਵਿਆਹ ਕਿਵੇਂ ਹੋ ਸਕਦਾ ਹੈ?’’ ਅਮਨਦੀਪ ਵੀ ਜ਼ਾਰੋ ਜ਼ਾਰ ਰੋ ਰਹੀ ਸੀ ਤੇ ਨਾਲ ਹੀ ਬੋਲ ਰਹੀ ਸੀ, ‘‘ਇਹ ਕਾਲਜ ਵਿਚ ਮੇਰੇ ਨਾਲ ਪੜ੍ਹਦਾ ਸੀ। ਵਕਤ ਦੀਆਂ ਠੋਕਰਾਂ ਨੇ ਇਸ ਨੂੰ ਇਕ ਲੇਖਕ ਬਣਾ ਦਿਤਾ। ਇਸ ਦੇ ਸੰਸਕਾਰ ਬਹੁਤ ਉੱਚੇ ਹਨ ਬਾਪੂ ਜੀ। ਇਸ ਦੀਆਂ ਰਗਾਂ ਵਿਚ ਵੀ ਤੁਹਾਡਾ ਖ਼ੂਨ ਦੌੜ ਰਿਹਾ ਹੈ। ਇਹ ਜਦ ਵੀ ਕਾਲਜ ਦੇ ਕਿਸੇ ਸਮਾਗਮ ਵਿਚ ਅਪਣੀ ਕਵਿਤਾ ਜਾਂ ਗ਼ਜ਼ਲ ਪੜ੍ਹਦਾ ਹੈ, ਉਸ ਵਿਚ ਅੰਤਾਂ ਦਾ ਦਰਦ ਹੁੰਦਾ ਹੈ। ਮੈਂ ਉਸ ਦਰਦ ਨਾਲ ਤ੍ਰਾਹ ਉਠਦੀ ਹਾਂ। ਇਕ ਕੁਦਰਤੀ ਕਸ਼ਿਸ਼ ਮੈਨੂੰ ਇਸ ਵਲ ਖਿੱਚ ਕੇ ਲੈ ਗਈ। ਮੈਂ ਇਸ ਨੂੰ ਸਹੁੰ ਪਾ ਕੇ ਇਸ ਦੀ ਜ਼ਿੰਦਗੀ ਬਾਰੇ ਪੁਛਿਆ। ਇਸ ਦੀ ਕਹਾਣੀ ਵਿਚ ਤੁਹਾਡਾ ਜ਼ਿਕਰ ਆਇਆ ਤਾਂ ਮੈਂ ਸੱਭ ਕੁੱਝ ਸਮਝ ਗਈ। ਅਸੀ ਭੈਣ ਭਰਾ ਕਿੰਨਾ ਚਿਰ ਗਲ ਲੱਗ ਕੇ ਰੋਂਦੇ ਰਹੇ। ਤੁਹਾਥੋਂ ਸੱਚ ਅਖਵਾਉਣ ਵਾਸਤੇ ਸਾਨੂੰ ਇਹ ਸਾਰਾ ਨਾਟਕ ਕਰਨਾ ਪਿਆ। ਜੇ ਮੈਂ ਇਕੱਲੀ ਆ ਕੇ ਤੁਹਾਨੂੰ ਪੁਛਦੀ ਤਾਂ ਤੁਸੀ ਮੰਨਣਾ ਹੀ ਨਹੀਂ ਸੀ। ਅਸੀ ਤੁਹਾਡੇ ਗੁਨਾਹਗਾਰ ਹਾਂ। ਇਸ ਲਈ ਹੁਣ ਸਾਨੂੰ ਗੋਲੀ ਮਾਰ ਦਿਉ।’’ ਅਮਨਦੀਪ ਨੇ ਗੱਲ ਖ਼ਤਮ ਕੀਤੀ।
‘‘ਨਹੀਂ ਮੇਰੇ ਬੱਚਿਉ! ਤੁਸੀ ਸੱਚ ਦੀਆਂ ਏਨੀਆਂ ਗੋਲੀਆਂ ਮੇਰੇ ਸੀਨੇ ’ਚ ਉਤਾਰ ਦਿਤੀਆਂ। ਗੁਨਾਹਗਾਰ ਤਾਂ ਮੈਂ ਹਾਂ ਤੁਹਾਡਾ। ਪਤਾ ਨਹੀਂ ਮੇਰੇ ਵਰਗੇ ਗਿਰੇ ਹੋਏ ਆਚਰਨ ਵਾਲੇ ਬੰਦੇ ਨੂੰ ਵਾਹਿਗੁਰੂ ਨੇ ਏਨੀ ਉੱਚੀ ਸੋਚ ਵਾਲੀ ਔਲਾਦ ਕਿਵੇਂ ਬਖ਼ਸ਼ ਦਿਤੀ। ਤੁਹਾਡੇ ਤੋਂ ਮੈਂ ਕੁਰਬਾਨ ਹਾਂ। ਪੁੱਤਰੋ, ਮੈਂ ਅਪਣੇ ਪਾਪ ਦਾ ਪਸ਼ਚਾਤਾਪ ਕਰਨਾ ਚਾਹੁੰਦਾ ਹਾਂ। ਤੁਸੀ ਮੇਰੀਆਂ ਅੱਖਾਂ ਖੋਲ੍ਹ ਦਿਤੀਆਂ। ਮੈਂ ਗੁਰਦੇਵ ਕੌਰ ਦੇ ਪੈਰ ਫੜਨਾ ਚਾਹੁੰਦਾ ਹਾਂ। ਤੁਸੀ ਮੈਨੂੰ ਉਸ ਕੋਲ ਲੈ ਚਲੋ, ਕਿਥੇ ਹੈ ਉਹ?’’ ਘਮੰਡ ਸਿੰਘ ਕੁਰਲਾ ਰਿਹਾ ਸੀ।
‘‘ਬਾਪੂ ਜੀ, ਇਹ ਨਹੀਂ ਹੋ ਸਕਦਾ।’’ ਰੋਂਦਾ ਰੋਂਦਾ ਸੁਖਚੈਨ ਬੋਲ ਹੀ ਪਿਆ। ‘‘ਦੋ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਚੁਕਿਐ।’’
‘‘ਹਾਏ ਓਏ ਮੇਰਿਆ ਰੱਬਾ। ਇਹ ਕੀ ਕੀਤਾ ਤੂੰ? ਮੇਰੇ ਕਰਮਾਂ ਵਿਚ ਗੁਨਾਹਾਂ ਦੀ ਮੁਆਫ਼ੀ ਮੰਗਣੀ ਵੀ ਨਾ ਲਿਖੀ। ਆਉ ਮੇਰੇ ਪੁੱਤਰੋ, ਮੇਰੇ ਕੋਲ ਆਉ। 60 ਸਾਲ ਮੈਂ ਰਾਖ਼ਸ਼ਸ਼ਾਂ ਵਾਲੀ ਜੂਨੀ ਕੱਟੀ। ਸ਼ੈਤਾਨ ਬਣਿਆ ਰਿਹਾ। ਤੁਸੀ ਮੇਰੇ ਅੰਦਰੋਂ ਅੱਜ ‘ਸੁੱਤਾ ਇਨਸਾਨ’ ਜਗਾ ਦਿਤਾ।’’ ਅੱਗੇ ਵੱਧ ਕੇ ਘਮੰਡ ਸਿੰਘ ਨੇ ਅਮਨਦੀਪ ਤੇ ਸੁਖਚੈਨ ਨੂੰ ਹਿੱਕ ਨਾਲ ਲਾ ਲਿਆ। ਅੱਜ ਤੋਂ ਮੇਰਾ ਇਕ ਨਹੀਂ, ਦੋ ਪੁੱਤਰ ਹਨ। ਅੱਜ ਮੇਰੇ ਅੰਦਰੋਂ ਇਨਸਾਨ ਨੇ ਜਨਮ ਲੈ ਲਿਆ ਹੈ।
– ਗੁਰਮੀਤ ਸਿੰਘ ਰਾਮਪੁਰੀ,