ਬਹੁਤ ਪੁਰਾਣੀ ਗੱਲ ਹੈ। ਕਿਸੇ ਜਗ੍ਹਾ ਇਕ ਬਹੁਤ ਹੀ ਅਕਲਮੰਦ ਅਤੇ ਤਜਰਬੇਕਾਰ ਬਜ਼ੁਰਗ ਆਦਮੀ ਰਹਿੰਦਾ ਸੀ। ਉਸ ਦਾ ਇਕ ਪੁੱਤਰ ਵੀ ਸੀ। ਇਕ ਦਿਨ ਉਸ ਬਜ਼ੁਰਗ ਆਦਮੀ ਨੇ ਅਪਣੇ ਪੁੱਤਰ ਨੂੰ ਕਿਹਾ, ‘‘ਪੁੱਤਰਾ, ਮੇਰੀਆਂ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੀ।’’
ਪਹਿਲੀ ਗੱਲ, ਇਹੋ ਜਹੇ ਕਿਸੇ ਆਦਮੀ ਨੂੰ ਅਪਣਾ ਦੋਸਤ ਨਾ ਬਣਾਈ ਜਿਸ ’ਤੇ ਤੈਨੂੰ ਵਿਸ਼ਵਾਸ ਨਾ ਹੋਵੇ।
ਦੂਜੀ ਗੱਲ, ਕਦੇ ਕਿਸੇ ਇਹੋ ਜਹੇ ਆਦਮੀ ਤੋਂ ਕਰਜ਼ਾ ਨਾ ਲਈਂ ਜੋ ਖ਼ਾਨਦਾਨੀ ਅਮੀਰ ਨਾ ਹੋਵੇ।
ਤੀਜੀ ਗੱਲ, ਭੇਤ ਵਾਲੀ ਗੱਲ ਕਿਸੇ ਨੂੰ ਨਾ ਦੱਸੀਂ, ਅਪਣੀ ਘਰਵਾਲੀ ਨੂੰ ਵੀ ਨਹੀਂ।
ਪੁੱਤਰ ਨੇ ਅਪਣੇ ਪਿਤਾ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਪਰਖਣਾ ਚਾਹਿਆ। ਉਸ ਨੇ ਇਕ ਗ਼ੈਰ-ਭਰੋਸੇਮੰਦ ਆਦਮੀ ਨਾਲ ਦੋਸਤੀ ਕੀਤੀ। ਇਕ ਨਵੇਂ-ਨਵੇਂ ਬਣੇ ਅਮੀਰ ਆਦਮੀ ਕੋਲੋਂ ਕਰਜ਼ਾ ਲਿਆ। ਫਿਰ ਉਸ ਨੇ ਇਕ ਬਕਰਾ ਮਾਰਿਆ, ਉਸ ਦੇ ਖ਼ੂਨ ਨਾਲ ਅਪਣੇ ਕਪੜੇ ਰੰਗੇ ਅਤੇ ਘਰ ਆ ਕੇ ਅਪਣੀ ਪਤਨੀ ਨੂੰ ਕਿਹਾ, ‘‘ਮੈਂ ਇਕ ਆਦਮੀ ਦਾ ਕਤਲ ਕਰ ਦਿਤਾ ਹੈ। ਇਹ ਕਪੜੇ ਉਹਦੇ ਖ਼ੂਨ ਨਾਲ ਲਿਬੜ ਗਏ ਹਨ, ਇਨ੍ਹਾਂ ਨੂੰ ਸਾਫ਼ ਕਰ ਦੇ। ਮੈਂ ਇਹ ਗੱਲ ਸਿਰਫ਼ ਤੈਨੂੰ ਹੀ ਦੱਸੀ ਹੈ। ਤੂੰ ਭੁੱਲ ਕੇ ਵੀ ਇਹ ਗੱਲ ਕਿਸੇ ਹੋਰ ਨੂੰ ਨਾ ਦੱਸੀਂ।’’
ਇਕ ਦਿਨ ਉਸ ਨੇ ਜਾਣ-ਬੁੱਝ ਕੇ ਅਪਣੀ ਪਤਨੀ ਨਾਲ ਝਗੜਾ ਕਰ ਲਿਆ। ਉਸ ਨੂੰ ਕਾਫ਼ੀ ਮੰਦਾ-ਚੰਗਾ ਕਿਹਾ। ਪਤਨੀ ਗੁੱਸਾ ਖਾ ਕੇ ਰਾਜੇ ਕੋਲ ਚਲੀ ਗਈ ਅਤੇ ਕਹਿਣ ਲੱਗੀ, ‘‘ਮਹਾਰਾਜ, ਮੇਰਾ ਪਤੀ ਹਤਿਆਰਾ ਹੈ। ਉਸ ਨੇ ਇਕ ਆਦਮੀ ਦੀ ਹਤਿਆ ਕੀਤੀ ਹੈ।’’ ਰਾਜੇ ਨੇ ਤੁਰਤ ਉਸ ਦੇ ਪਤੀ ਨੂੰ ਫੜ ਕੇ ਲਿਆਉਣ ਦਾ ਹੁਕਮ ਸੁਣਾ ਦਿਤਾ।
ਸਿਪਾਹੀ, ਉਸ ਲੜਕੇ ਨੂੰ ਫੜ ਕੇ ਰਾਜ ਮਹਿਲ ਲਿਜਾਣ ਲੱਗੇ। ਉਸ ਨੇ ਰਾਹ ਵਿਚ ਰੁਕ ਕੇ ਅਪਣੇ ਗ਼ੈਰ-ਭਰੋਸੀਏ ਦੋਸਤ ਤੋਂ ਮਦਦ ਮੰਗੀ। ਦੋਸਤ ਨੇ ਜਵਾਬ ਦਿਤਾ, ‘‘ਭਰਾਵਾ, ਅਜੇ ਮੇਰੇ ਕੋਲ ਵਿਹਲ ਨਹੀਂ ਹੈ। ਉਂਜ ਵੀ ਮੈਂ ਰਾਜ ਦਰਬਾਰ ਦੇ ਕੰਮਾਂ ਵਿਚ ਦਖ਼ਲ ਨਹੀਂ ਦੇਂਦਾ। ਤੂੰ ਮੈਨੂੰ ਮਾਫ਼ ਕਰ।’’
ਰਾਹ ਵਿਚ ਉਸ ਨੂੰ ਕਰਜ਼ਾ ਦੇਣ ਵਾਲਾ ਨਵਾਂ ਅਮੀਰ ਵੀ ਮਿਲਿਆ। ਉਸ ਅਮੀਰ ਨੇ ਸੋਚਿਆ ਕਿ ਰਾਜਾ ਇਸ ਨੂੰ ਸਜ਼ਾ ਦੇਵੇਗਾ ਅਤੇ ਮੇਰਾ ਸਾਰਾ ਪੈਸਾ ਡੁੱਬ ਜਾਵੇਗਾ, ਇਸ ਲਈ ਉਸ ਤੋਂ ਕਰਜ਼ਾ ਵਾਪਸ ਮੋੜਨ ਲਈ ਝਗੜਨ ਲੱਗ ਪਿਆ। ਲੜਕੇ ਨੇ ਪੂਰੀ ਕਹਾਣੀ ਰਾਜੇ ਨੂੰ ਸੁਣਾਈ ਅਤੇ ਅਪਣੇ ਪਿਤਾ ਦੀਆਂ ਸਿਖਿਆਵਾਂ ਨੂੰ ਆਖ ਸੁਣਾਇਆ।
ਰਾਜਾ ਉਸ ਦੇ ਪਿਤਾ ਅਤੇ ਉਸ ਦੀ ਅਕਲਮੰਦੀ ਅਤੇ ਈਮਾਨਦਾਰੀ ’ਤੇ ਬਹੁਤ ਖ਼ੁਸ਼ ਹੋਇਆ। ਉਸ ਨੇ, ਉਸ ਲੜਕੇ ਨੂੰ ਛੱਡ ਦਿਤਾ। ਰਾਤ ਵੇਲੇ ਰਾਜੇ ਨੇ ਸੋਚਿਆ ਕਿ ਬਾਪ-ਬੇਟਾ ਬੜੇ ਬੁਧੀਮਾਨ ਅਤੇ ਤਜਰਬੇਕਾਰ ਹਨ। ਉਹ ਇਕ ਦਿਨ ਮੇਰਾ ਰਾਜ-ਸਿੰਘਾਸਣ ਵੀ ਖੋਹ ਸਕਦੇ ਹਨ, ਇਸ ਕਰ ਕੇ ਰਾਜੇ ਨੇ ਅਪਣੇ ਸੇਵਕਾਂ ਨੂੰ ਹੁਕਮ ਦਿਤਾ ਕਿ ਉਨ੍ਹਾਂ ਦੋਹਾਂ ਨੂੰ ਜ਼ਿੰਦਾ ਹੀ ਧਰਤੀ ਵਿਚ ਗੱਡ ਦਿਤਾ ਜਾਏ।
ਕੁੱਝ ਦਿਨਾਂ ਬਾਅਦ ਰਾਜੇ ਨਾਲ ਇਕ ਦੁਰਘਟਨਾ ਵਾਪਰੀ। ਰਾਜਾ ਮਾਸ ਖਾ ਰਿਹਾ ਸੀ ਕਿ ਇਕ ਹੱਡੀ ਉਸ ਦੇ ਸੰਘ ਵਿਚ ਅੜ ਗਈ। ਰਾਜ ਦੇ ਵੱਡੇ-ਵੱਡੇ ਵੈਦਾਂ-ਹਕੀਮਾਂ ਨੂੰ ਲਿਆਂਦਾ ਗਿਆ ਪਰ ਕੋਈ ਵੀ ਉਸ ਹੱਡੀ ਨੂੰ ਬਾਹਰ ਨਾ ਕੱਢ ਸਕਿਆ। ਰਾਜੇ ਦਾ ਸਾਹ ਘੁੱਟ ਰਿਹਾ ਸੀ। ਉਸ ਸਮੇਂ ਉਸ ਨੂੰ ਉਨ੍ਹਾਂ ਬੁੱਧੀਮਾਨ ਬਾਪ-ਬੇਟੇ ਦੀ ਯਾਦ ਆਈ। ਰਾਜੇ ਨੇ ਲਿਖ ਕੇ ਆਗਿਆ ਦਿਤੀ ‘‘ਜੇਕਰ ਉਹ ਦੋਵੇਂ ਜੀੳੂੂਂਦੇ ਹਨ ਤਾਂ ਉੁਨ੍ਹਾਂ ਨੂੰ ਲੈ ਆਉ। ਉਹ ਇਸ ਹੱਡੀ ਨੂੰ ਜ਼ਰੂਰ ਕੱਢ ਦੇਣਗੇ।’’
ਸੇਵਕਾਂ ਨੇ ਉਹ ਥਾਂ ਦੁਬਾਰਾ ਪੱਟੀ ਜਿਥੇ ਉਨ੍ਹਾਂ ਦੋਹਾਂ ਨੂੰ ਗੱਡਿਆ ਗਿਆ ਸੀ। ਉਹ ਅਜੇ ਜੀੳੂੂਂਦੇ ਸਨ। ਦਰਅਸਲ ਗੱਲ ਇਹ ਸੀ ਕਿ ਬੁੱਢੇ ਆਦਮੀ ਨੇ ਅਪਣੇ ਨਾਲ ਇਕ ਹਵਾ ਦਾ ਥੈਲਾ ਲੁਕੋਇਆ ਹੋਇਆ ਸੀ। ਉਸੇ ਕਰ ਕੇ ਉਹ ਦੋਵੇਂ ਜੀੳੂੂਂਦੇ ਸਨ। ਸੇਵਕਾਂ ਨੇ ਰਾਜੇ ਦੀ ਤਕਲੀਫ਼ ਉਨ੍ਹਾਂ ਨੂੰ ਦੱਸੀ ਅਤੇ ਨਾਲ ਜਾਣ ਲਈ ਕਿਹਾ। ਉਨ੍ਹਾਂ ਨੇ ਨਾਂਹ ਕਰਦੇ ਹੋਏ ਜਵਾਬ ਦਿਤਾ, ‘‘ਅਸੀ ਰਾਜੇ ਲਈ ਕੁੱਝ ਨਹੀਂ ਕਰਾਂਗੇ। ਉੁਨ੍ਹਾਂ ਨੇ ਬਿਨਾਂ ਕਿਸੇ ਕਸੂਰ ਦੇ ਸਾਨੂੰ ਜ਼ਿੰਦਾ ਗਡਵਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ।’’
ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਸ ਨੇ ਅਪਣੇ ਦਰਬਾਰੀਆਂ ਨੂੰ ਹੁਕਮ ਜਾਰੀ ਕੀਤਾ, ‘‘ਤੁਸੀ ਉਨ੍ਹਾਂ ਕੋਲ ਜਾ ਕੇ ਮੇਰੇ ਵਲੋਂ ਮਾਫ਼ੀ ਮੰਗਣਾ ਅਤੇ ਕਹਿਣਾ ਕਿ ਜੇਕਰ ਉਨ੍ਹਾਂ ਨੇ ਮੇਰੇ ਸੰਘ ਦੀ ਹੱਡੀ ਕੱਢ ਕੇ ਮੈਨੂੰ ਬਚਾ ਲਿਆ ਤਾਂ ਮੈਂ ਉਨ੍ਹਾਂ ਨੂੰ ਅਪਣਾ ਪੂਰਾ ਰਾਜ ਦੇ ਦਿਆਂਗਾ।’’
ਬੁੱਢਾ ਦਰਬਾਰੀਆਂ ਦੀ ਖ਼ਾਸ ਬੇਨਤੀ ’ਤੇ ਜਾਣ ਲਈ ਤਿਆਰ ਹੋ ਗਿਆ। ਉਸ ਨੇ ਰਾਜੇ ਕੋਲ ਜਾ ਕੇ ਕਿਹਾ, ‘‘ਮਹਾਰਾਜ ਤੁਸੀ ਤਾਂ ਬਚ ਸਕਦੇ ਹੋ ਪਰ ਇਸ ਲਈ ਤੁਹਾਡੇ ਇਕਲੌਤੇ ਬੇਟੇ ਦੀ ਬਲੀ ਦੇਣੀ ਪਵੇਗੀ।’’
ਦਰਬਾਰੀਆਂ ਦੇ ਬਹੁਤ ਸਮਝਾਉਣ ’ਤੇ ਰਾਜਾ ਅਪਣੇ ਇਕਲੌਤੇ ਬੇਟੇ ਦੀ ਬਲੀ ਦੇਣ ਨੂੰ ਤਿਆਰ ਹੋ ਗਿਆ।
ਬਾਪ-ਬੇਟੇ ਨੇ ਰਾਜ ਕੁਮਾਰ ਨੂੰ ਇਕ ਕੋਠੜੀ ਵਿਚ ਬੁਲਾਇਆ। ਉਨ੍ਹਾਂ ਨੇ ਰਾਜ ਕੁਮਾਰ ਦੇ ਹੱਥ-ਪੈਰ ਬੰਨ੍ਹ ਕੇ ਕੋਠੜੀ ਵਿਚ ਸੁੱਟ ਦਿਤਾ। ਫਿਰ ਬਜ਼ੁਰਗ ਨੇ ਇਕ ਬਕਰੇ ਦਾ ਮੂੰਹ ਬੰਨ੍ਹ ਕੇ ਉਸ ਦੀ ਧੌਣ ਤਲਵਾਰ ਨਾਲ ਲਾਹ ਦਿਤੀ। ਬਕਰੇ ਦੀ ਗਰਦਨ ਵੱਢੇ ਜਾਣ ਸਮੇਂ ਬਜ਼ੁਰਗ ਦਾ ਲੜਕਾ ਮਰਦੇ ਹੋਏ ਆਦਮੀ ਵਾਂਗ ਦਰਦ ਨਾਲ ਤੜਫਿਆ। ਕੋਠੜੀ ਦੇ ਬਾਹਰ ਬੈਠੇ ਰਾਜੇ ਨੂੰ ਲੱਗਾ ਕਿ ਉਸ ਦੇ ਬੇਟੇ ਦਾ ਕਤਲ ਕਰ ਦਿਤਾ ਗਿਆ ਹੈ। ਉਹ ਪੁੱਤਰ ਦੇ ਸ਼ੋਕ ਵਿਚ ਚੀਕ ਉਠਿਆ ਅਤੇ ਉਸੇ ਚੀਕ ਨਾਲ ਰਾਜੇ ਦੇ ਸੰਘ ਵਿਚ ਫਸੀ ਹੋਈ ਹੱਡੀ ਭੁੜਕ ਕੇ ਬਾਹਰ ਜਾ ਡਿੱਗੀ ਅਤੇ ਰਾਜਾ ਬੇਹੋਸ਼ ਹੋ ਗਿਆ।
ਜਦ ਰਾਜੇ ਨੂੰ ਹੋਸ਼ ਆਈ ਤਾਂ ਉਸ ਬੁੱਧੀਮਾਨ ਬਜ਼ੁਰਗ ਨੇ ਕਿਹਾ, ‘‘ਮਹਾਰਾਜ, ਤੁਸੀ ਬਚ ਗਏ ਹੋ ਅਤੇ ਤੁਹਾਡਾ ਰਾਜ ਕੁਮਾਰ ਵੀ ਸਹੀ ਸਲਾਮਤ ਹੈ।’’ ਇਹ ਸੁਣ ਕੇ ਰਾਜਾ ਬਹੁਤ ਖ਼ੁਸ਼ ਹੋਇਆ। ਅਪਣੇ ਕਹੇ ਅਨੁਸਾਰ ਰਾਜੇ ਨੇ ਅਪਣਾ ਰਾਜ-ਭਾਗ ਉਸ ਬੁੱਢੇ ਦੇ ਹਵਾਲੇ ਕਰ ਦਿਤਾ।