ਬੰਗਲੌਰ : ਦੇਸ਼ ਦੀ ਮੋਦੀ ਸਰਕਾਰ ਵਿਰੁੱਧ ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਹਿੰਦੋਸਤਾਨ ਅਰਨੌਟੀਕਲ ਲਿਮਿਟਿਡ (ਹਾਲ) ਦੇ ਸੇਵਾਮੁਕਤ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਹੱਕ ਮਾਰੇ ਜਾਣ ’ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਉੱਤੇ ਸਰਕਾਰੀ ਮਾਲਕੀ ਵਾਲੀ ਅਹਿਮ ਯੁੱਧਨੀਤਕ ਹਵਾਬਾਜ਼ੀ ਕੰਪਨੀ ਨੂੰ ਤਬਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਫ਼ਾਲ ਉਨ੍ਹਾਂ ਦਾ ਹੱਕ ਸੀ।
ਹਾਲ ਦੇ ਹੈੱਡਕੁਆਰਟਰ ਨਜ਼ਦੀਕ ਇੱਕ ਇਕੱਤਰਤਾ ਦੌਰਾਨ ਸਾਬਕਾ ਤੇ ਮੌਜੂਦਾ ਮੁਲਾਜ਼ਮਾਂ ਦੇ ਵਿਚਾਰ ਸੁਣਨ ਉਪਰੰਤ ਰਾਹੁਲ ਨੇ ਕਿਹਾ, ‘‘ਤੁਹਾਨੂੰ ਜਹਾਜ਼ ਬਣਾਉਣ ਦਾ ਤਜਰਬਾ ਹੈ। ਸਰਕਾਰ ਦਾ ਇਹ ਕਹਿਣਾ ਬਿਲਕੁਲ ਗੈਰ ਬਰਦਾਸ਼ਤਯੋਗ ਹੈ ਕਿ 78 ਸਾਲ ਪੁਰਾਣੀ ਹਾਲ ਕੋਲ ਲੋੜੀਂਦਾ ਤਜਰਬਾ ਨਹੀਂ ਸੀ।’’
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਸੀਤਾਰਾਮਨ ਹਾਲ ਦਾ ਤਜਰਬਾ ਘੱਟ ਹੋਣ ਦੀ ਤਾਂ ਗੱਲ ਕਰਦੇ ਹਨ ਪਰ ਅਨਿਲ ਅੰਬਾਨੀ ਦੇ ਤਜਰਬੇ ਉੱਤੇ ਚੁੱਪ ਹਨ, ਜਿਸ ਦੀ ਕੰਪਨੀ ਸਿਰਫ 12 ਦਿਨ ਪੁਰਾਣੀ ਸੀ। ਇਸ ਲਈ ਸੀਤਾਰਾਮਨ ਨੂੰ ਹਾਲ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ ਤੇ ਜੋ ਲੋਕ ਦੇਸ਼ ਲਈ ਖੜ੍ਹੇ ਹਨ, ਉਹ ਰਾਫ਼ਾਲ ਸੌਦੇ ਕਾਰਨ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹਨ ਤੇ ਤੇ ਉਨ੍ਹਾਂ ਦੇ ਸਨਮਾਨ ਨੂੰ ਠੇਸ ਪੁੱਜੀ ਹੈ।