ਕੈਲਗਰੀ (ਜਸਵਿੰਦਰ ਸਿੰਘ ਰੁਪਾਲ) : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਤਿਕਾਰ ਭੇਂਟ ਕਰਨ ਲਈ ਇੱਕ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਸ਼ਹੀਦਾਂ ਨੂੰ ਆਪਣੀ ਅਕੀਦਤ ਭੇਟ ਕੀਤੀ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ – ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ। ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ ਜੀਅ ਆਇਆਂ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ।
ਪ੍ਰੋਗਰਾਮ ਦਾ ਆਰੰਭ ਇੱਕ ਸ਼ਬਦ ਗਾਇਨ ਨਾਲ ਕੀਤਾ ਗਿਆ। ਫਿਰ ਪਰਨੀਤ ਕੌਰ ਅਤੇ ਸਿਮਰਲੀਨ ਕੌਰ ਟੋਰਾਂਟੋ ਨੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਸਾਡੀ ਚਲੀ ਜਾਵੇ ਭਾਵੇਂ ਜਿੰਦ ਜਾਨ ਸੂਬਿਆ” ਸਾਜਾਂ ਨਾਲ ਗਾ ਕੇ ਇੱਕ ਮਾਹੌਲ ਦੀ ਸਿਰਜਣਾ ਕੀਤੀ। ਮੋਰਿੰਡੇ ਤੋਂ ਕਵਿੱਤਰੀ ਸ੍ਰੀ ਮਤੀ ਅਮਰਜੀਤ ਕੌਰ ਨੇ ਮਾਤਾ ਗੁਜਰੀ ਜੀ ਤੇ ਇੱਕ ਕਵਿਤਾ ਸੁਣਾਈ। ਚਮਕੌਰ ਸਾਹਿਬ ਤੋਂ ਕਵੀ ਗੁਰਿੰਦਰ ਸਿੰਘ ਸੰਧੂਆ ਨੇ ਕਵਿਤਾ “ਸੱਤ ਕੁ ਦਿਨਾਂ ਚ ਪਿਤਾ ਦਸ਼ਮੇਸ਼ ਜੀ ਨੇ,ਸਾਰਾ ਪਰਿਵਾਰ ਦਿੱਤਾ ਕੌਮ ਉਤੋਂ ਵਾਰ ਜੀ” ਤਰੰਨਮ ਵਿਚ ਸੁਣਾਈ। ਉਸਤਾਦ ਪੰਥਕ ਕਵੀ ਇੰਜੀ.ਕਰਮਜੀਤ ਸਿੰਘ ਨੂਰ ਜਲੰਧਰ ਜੀ ਨੇ ਜੈਕਾਰਿਆ ਦੀ ਗੂੰਜ ਵਿੱਚ ਆਪਣੀ ਕਵਿਤਾ ਸੁਣਾ ਕੇ ਸਰੋਤਿਆਂ ਤੋਂ ਵਾਹਵਾ ਖੱਟੀ। ਸਾਧੂ ਸਿੰਘ ਝੱਜ ਸਿਆਟਲ ਜੀ ਨੇ ਮਾਤਾ ਗੁਜਰੀ ਜੀ ਤੇ ਕਵਿਤਾ ਸੁਣਾਈ। ਸੁਜਾਨ ਸਿੰਘ ਸੁਜਾਨ ਟੋਰਾਂਟੋ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਆਪਣੇ ਨਿਰਾਲੇ ਅੰਦਾਜ਼ ਵਿੱਚ ਪੇਸ਼ ਕੀਤਾ। ਸੁੰਦਰਪਾਲ ਕੌਰ ਰਾਜਾਸਾਂਸੀ ,ਟੋਰਾਂਟੋ ਨੇ “ਛੋਟੇ ਛੋਟੇ ਲਾਲ ਨੀਹਾਂ ਚ’ ਖਲੋਏ ਨੇ” ਗਾ ਕੇ ਸੁਣਾਈ। ਨੌਜਵਾਨ ਕਵੀ ਅਮਨਪ੍ਰੀਤ ਸਿੰਘ ਕੈਲਗਰੀ ਨੇ ਆਧੁਨਿਕ ਤਰਜ ਤੇ ਸ਼ਹੀਦੀ ਸਾਕਾ ਸੁਣਾਇਆ। ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਜੀ ਨੇ ਇੱਕ ਗ਼ਜ਼ਲ ” ਉਹ ਤਾਂ ਵੀ ਨਾ ਡੋਲੀ” ਰਦੀਫ ਨਾਲ ਪੇਸ਼ ਕੀਤੀ। ਜਸਵਿੰਦਰ ਸਿੰਘ ਰੁਪਾਲ ਨੇ “ਸਾਕਾ ਚਮਕੌਰ ਸਾਹਿਬ” ਗਾ ਕੇ ਸੁਣਾਇਆ। ਬੀਬੀ ਸੁਰਜੀਤ ਕੌਰ ਸੈਕਰਾਮੈਟੋ ਅਤੇ ਸ ਕੁਲਵੰਤ ਸਿੰਘ ਸੇਦੋਕੇ ਜੀ ਕਿਸੇ ਕਾਰਨ ਕਵੀ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕੇ ।
ਡਾ .ਸੁਰਜੀਤ ਸਿੰਘ ਭੱਟੀ ਜੀ ਨੇ ਇਤਿਹਾਸ ਬਾਰੇ ਗੱਲਬਾਤ ਕਰਦੇ ਹੋਏ ਸਮੂਹ ਕਵੀਆਂ ਨੂੰ ਆਪਣੀਆਂ ਕਵਿਤਾਵਾਂ ਲਿਖਤੀ ਰੂਪ ਵਿਚ ਵੀ ਭੇਜਣ ਦੀ ਬੇਨਤੀ ਕੀਤੀ ਤਾਂ ਕਿ ਉਹਨਾਂ ਨੂੰ ਸੋਸਾਇਟੀ ਵਲੋਂ ਨਿਕਲਦੇ ਈ- ਮੈਗਜ਼ੀਨ “ਸਾਂਝੀ ਵਿਰਾਸਤ” ਵਿੱਚ ਛਾਪਿਆ ਜਾ ਸਕੇ । ਸ.ਕਾਬਲ ਸਿੰਘ ਜੀ ਨੇ ਸ਼ਹੀਦਾਂ ਦੀ ਦੇਣ ਨੂੰ ਯਾਦ ਰੱਖਣ ਅਤੇ ਪ੍ਰੇਰਨਾ ਲੈਣ ਲਈ ਆਖਦੇ ਹੋਏ ਕਵੀਆਂ ਨੂੰ ਸੋਸਾਇਟੀ ਦੇ ਹਫਤਾਵਾਰੀ ਪ੍ਰੋਗਰਾਮ ਵਿੱਚ ਵੀ ਹਾਜਰ ਹੋਣ ਅਤੇ ਕਵਿਤਾ ਸੁਣਾਏ ਜਾਣ ਦਾ ਸੱਦਾ ਦਿੱਤਾ।ਕਵੀ ਦਰਬਾਰ ਦੇ ਅੰਤ ਵਿੱਚ ਸ.ਜਗਵੀਰ ਸਿੰਘ ਜੀ ਨੇ ਸਾਰੇ ਕਵੀਆਂ ਦਾ ਅਤੇ ਸਮੂਹ ਸੰਗਤ ਦਾ ਸੋਸਾਇਟੀ ਵੱਲੋਂ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਵਲੋਂ ਬਾਖੂਬੀ ਨਿਭਾਈ ਗਈ।
ਅਖੀਰ ਵਿੱਚ ਸੋਸਾਇਟੀ ਦੀ ਪਰੰਪਰਾ ਅਨੁਸਾਰ ਅਨੰਦ ਸਾਹਿਬ ਦੀਆਂ 6 ਪਉੜੀਆ,ਅਰਦਾਸ ਅਤੇ ਹੁਕਮਨਾਮੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ ਸ ਬਲਰਾਜ ਸਿੰਘ ਜੀ (+1 403 978 2419) ਅਤੇ ਸ ਜਗਬੀਰ ਸਿੰਘ ਜੀ (+1 587 718 8100 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।