1998 ਵਿੱਚ ਨੂਰਜਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਤਾਂ ਉਨ੍ਹਾਂ ਦੇ ਇੱਕ ਮੁਰੀਦ ਅਤੇ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਖਾਲਿਦ ਹਸਨ ਨੇ ਲਿਖਿਆ, “ਦਿਲ ਦਾ ਦੌਰਾ ਤਾਂ ਉਨ੍ਹਾਂ ਨੂੰ ਪੈਣਾ ਹੀ ਸੀ, ਪਤਾ ਨਹੀਂ ਕਿੰਨੇ ਦਾਅਵੇਦਾਰ ਸਨ ਉਨ੍ਹਾਂ ਦੇ! ਅਤੇ ਪਤਾ ਨਹੀਂ ਕਿ ਕਿੰਨੀ ਵਾਰ ਉਹ ਧੜਕਿਆ ਸੀ ਉਨ੍ਹਾਂ ਲੋਕਾਂ ਲਈ ਜਿਨ੍ਹਾਂ ‘ਤੇ ਮੁਸਕਰਾਉਣ ਦੀ ਇਨਾਇਤ ਕੀਤੀ ਸੀ ਉਨ੍ਹਾਂ ਨੇ।”
‘ਗੁੱਸਾ ਨੱਕ ‘ਤੇ ਹੁੰਦਾ ਸੀ’
ਅਲੀ ਅਦਨਾਨ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਨ ਅਤੇ ਹੁਣ ਅਮਰੀਕਾ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਨੂਰਜਹਾਂ ‘ਤੇ ਬਹੁਤ ਖੋਜ ਕੀਤੀ ਹੈ। ਜਦੋਂ ਉਹ ਪਹਿਲੀ ਵਾਰ ਉਨ੍ਹਾਂ ਨੂੰ ਮਿਲੇ ਤਾਂ ਉਹ ਬਹੁਤ ਖ਼ਰਾਬ ਮੂਡ ‘ਚ ਸੀ। ਅਲੀ ਯਾਦ ਕਰਦੇ ਹਨ, “ਨੂਰਜਹਾਂ ਉਸ ਦਿਨ ਨਜ਼ੀਰ ਅਲੀ ਲਈ ਗਾਣਾ ਰਿਕਾਰਡ ਕਰ ਰਹੀ ਸੀ ਅਤੇ ਉਨ੍ਹਾਂ ਦੇ ਗੁੱਸੇ ਦਾ ਨਿਸ਼ਾਨਾ ਸਨ ਬੰਸਰੀ ਵਜਾਉਣ ਵਾਲੇ ਮਸ਼ਹੂਰ ਖ਼ਾਦਿਮ ਹੁਸੈਨ, ਕਿਉਂਕਿ ਜੋ ਉਹ ਚਾਹ ਰਹੀ ਸੀ ਖ਼ਾਦਿਮ ਹੁਸੈਨ ਤੋਂ ਉਹ ਗੱਲ ਨਹੀਂ ਬਣ ਰਹੀ ਸੀ। ਇਸ ਲਈ ਉਨ੍ਹਾਂ ਮੂੰਹੋਂ ਜੋ ਸੈਲਾਬ ਨਿਕਲਿਆ ਸੀ ਉਸ ਨੂੰ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏ।”
ਅਲੀ ਅਦਨਾਨ ਮੁਤਾਬਕ ਨੂਰਜਹਾਂ ਦੀ ਇਹ ਅਦਾ ਹੁੰਦੀ ਸੀ ਕਿ ਉਹ ਕੋਈ ਵੀ ਫ਼ਹੋਸ਼ ਜਾਂ ਬੇਹੁਦਾ ਗੱਲ ਕਹਿ ਕੇ ਮੁਸਕਰਾ ਦਿੰਦੀ ਸੀ, ਕਿ ਇਹ ਮੈਂ ਕੀ ਕੀਤਾ।ਸਾਹਮਣੇ ਬੈਠਾ ਸ਼ਖ਼ਸ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਸੀ ਕਿ ਨੂਰਜਹਾਂ ਦੇ ਮੂੰਹੋਂ ਇਸ ਤਰ੍ਹਾਂ ਦੀ ਗੱਲ ਕਿਸ ਤਰ੍ਹਾਂ ਨਿਕਲ ਸਕਦੀ ਹੈ।ਅਲੀ ਕਹਿੰਦੇ ਹਨ ਕਿ, “ਮੈਂ ਉਨ੍ਹਾਂ ਦੇ ਮੂੰਹੋਂ ਅਜਿਹੇ ਅਪਸ਼ਬਦ ਸੁਣੇ ਹਨ ਕਿ ਹੀਰਾ ਮੰਡੀ ਦੇ ਬਾਊਂਸਰ ਜਾਂ ਪੁਲਿਸ ਦੇ ਥਾਣੇਦਾਰ ਦਾ ਚਿਹਰਾ ਵੀ ਉਨ੍ਹਾਂ ਨੂੰ ਸੁਣ ਕੇ ਸ਼ਰਮ ਨਾਲ ਲਾਲ ਹੋ ਜਾਵੇ।””
ਡੂੰਘੇ ਗਲੇ ਦਾ ਬਲਾਊਜ਼
ਗਾਣਾ ਰਿਕਾਰਡ ਕਰਦੇ ਸਮੇਂ ਨੂਰਜਹਾਂ ਉਸ ਵਿੱਚ ਆਪਣਾ ਦਿਲ, ਆਤਮਾ ਅਤੇ ਦਿਮਾਗ਼ ਸਭ ਕੁਝ ਪਾ ਦਿੰਦੀ ਸੀ। ਅਲੀ ਦੱਸਦੇ ਹਨ ਕਿ ਉਨ੍ਹਾਂ ਨੇ ਅਕਸਰ ਸਟੂਡੀਓ ਵਿੱਚ ਨੂਰਜਹਾਂ ਨੂੰ ਉਨ੍ਹਾਂ ਦੇ ਪਿੱਛੇ ਬੈਠ ਕੇ ਰਿਕਾਰਡਿੰਗ ਕਰਦਿਆਂ ਸੁਣਿਆ ਹੈ।ਅਲੀ ਨੇ ਦੱਸਿਆ ਕਿ, “ਉਹ ਜੋ ਬਲਾਊਜ਼ ਪਾਉਂਦੀ ਸੀ ਉਸ ਦਾ ਗਲਾ ਵੀ ਬਹੁਤ ਡੂੰਘਾ ਹੁੰਦਾ ਸੀ ਅਤੇ ਕਮਰ ਤੋਂ ਵੀ ਉਸ ਦਾ ਬਹੁਤ ਸਾਰਾ ਹਿੱਸਾ ਪਿੱਛੇ ਬੈਠਣ ਵਾਲੇ ਵਿਅਕਤੀ ਨੂੰ ਨਜ਼ਰ ਆਉਂਦਾ ਸੀ।
ਉਹ ਡੇਢ ਵਜੇ ਰਿਕਾਰਡਿੰਗ ਸ਼ੁਰੂ ਕਰਦੀ, ਪਰ ਇੱਕ ਘੰਟੇ ਦੇ ਅੰਦਰ ਉਨ੍ਹਾਂ ਦੇ ਲੱਕ ‘ਤੇ ਪਸੀਨੇ ਦੀਆਂ ਬੂੰਦਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ। ਇਥੋਂ ਤੱਕ ਕਿ ਜਦ ਉਹ ਮਾਈਕ ਤੋਂ ਹੱਟਦੀ ਸੀ ਤਾਂ ਉਨ੍ਹਾਂ ਦੇ ਹੇਠਾਂ ਵਾਲਾ ਫਰਸ਼ ਵੀ ਪਸੀਨੇ ਨਾਲ ਗਿੱਲਾ ਹੁੰਦਾ ਸੀ। ਕਹਿਣ ਦਾ ਮਤਲਬ ਇਹ ਕਿ ਉਹ ਬਹੁਤ ਮੁਸ਼ਕਿਲ ਨਾਲ ਗਾਉਂਦੀ ਸੀ ਅਤੇ ਗਾਉਣ ਲਈ ਜਾਨ ਲਾਉਣੀ ਪੈਂਦੀ ਸੀ।”
ਬਦਸ਼ਕਲ ਲੋਕ ਸੀ ਨਾਪਸੰਦ
ਭਾਰਤ ਅਤੇ ਪਾਕਿਸਤਾਨ ਦੀ ਸੰਗੀਤ ਪਰੰਪਰਾ ‘ਤੇ ਕੰਮ ਕਰਨ ਵਾਲੇ ਪ੍ਰਾਣ ਨੇਵਿਲ ਦੀ ਨੂਰਜਹਾਂ ਨਾਲ ਮੁਲਾਕਾਤ 1978 ‘ਚ ਅਮਰੀਕਾ ਦੇ ਸਿਏਟਲ ਵਿੱਚ ਇੱਕ ਕੌਨਸਰਟ ਦੌਰਾਨ ਹੋਈ। ਪ੍ਰਾਣ ਨੇਵਿਲ ਦਾ ਕਹਿੰਦੇ ਹਨ ਕਿ, “ਉੁਹਨਾਂ ਦਿਨਾਂ ‘ਚ ਮੈਂ ਸਿਏਟਲ ਵਿੱਚ ਭਾਰਤ ਦਾ ਕੌਂਸਲ ਜਨਰਲ ਹੁੰਦਾ ਸੀ। ਕਿਉਕਿ ਉੱਥੇ ਪਾਕਿਸਤਾਨ ਦਾ ਕੋਈ ਸਿਫ਼ਾਰਤਖ਼ਾਨਾ ਨਹੀਂ ਸੀ, ਇਸ ਲਈ ਪ੍ਰਬੰਧਕ ਮੈਨੂੰ ਮੁੱਖ ਮਹਿਮਾਨ ਵਜੋਂ ਬੁਲਾਉਣਾ ਚਾਹੁੰਦੇ ਸੀ।
ਉਨ੍ਹਾਂ ਨੇ ਨੂਰਜਹਾਂ ਤੋਂ ਇਸ ਦੀ ਇਜਾਜ਼ਤ ਮੰਗੀ। ਨੂਰਜਹਾਂ ਨੇ ਕਿਹਾ ਕਿ ਇਹ ਵਿਅਕਤੀ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ।
ਮੇਰੀ ਸ਼ਰਤ ਇਹ ਹੈ ਕਿ ਉਹ ਦੇਖਣ ਵਿੱਚ ਚੰਗਾ ਹੋਣਾ ਚਾਹੀਦਾ ਹੈ। ਸਾਹਮਣੇ ਬਦਸ਼ਕਲ ਵਿਅਕਤੀ ਨੂੰ ਦੇਖ ਕੇ ਮੇਰਾ ਮੂਡ ਆਫ਼ ਹੋ ਜਾਂਦਾ ਹੈ।”
ਨੂਰਜਹਾਂ ਨੇ ਮਹਾਨ ਬਣਨ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜਿਉਂਦੀ ਸੀ। ਉਸ ਦੀ ਜ਼ਿੰਦਗੀ ‘ਚ ਚੰਗੇ ਮੋੜ ਵੀ ਆਏ ਅਤੇ ਬੁਰੇ ਵੀ! ਉਨ੍ਹਾਂ ਨੇ ਵਿਆਹ ਕੀਤੇ, ਤਲਾਕ ਦਿੱਤੇ, ਪ੍ਰੇਮ ਸੰਬੰਧ ਬਣਾਏ, ਨਾਮ ਕਮਾਇਆ ਅਤੇ ਆਪਣੀ ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਬੇਹੱਦ ਤਕਲੀਫ਼ ਵੀ ਝੱਲੀ।
16 ਆਸ਼ਿਕ ਹੋਏ
ਇੱਕ ਵਾਰ ਪਾਕਿਸਤਾਨ ਦੀ ਇੱਕ ਨਾਮੀ ਸ਼ਖਸੀਅਤ ਰਾਜਾ ਤਜਮੁੱਲ ਹੁਸੈਨ ਨੇ ਹਿੰਮਤ ਕਰਕੇ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੇ ਹੁਣ ਤੱਕ ਕਿੰਨੇ ਆਸ਼ਿਕਾਂ ਰਹੇ ਹਨ ? ਨੂਰਜਹਾਂ ਕੁਝ ਜ਼ਿਆਦਾ ਹੀ ਚੰਗੇ ਮੂਡ ਵਿੱਚ ਸੀ ਉਨ੍ਹਾਂ ਨੇ ਗਿਣਨਾ ਸ਼ੁਰੂ ਕੀਤਾ ਅਤੇ ਕੁਝ ਮਿੰਟਾਂ ਬਾਅਦ ਉਨ੍ਹਾਂ ਤਜਮੁੱਲ ਕੋਲੋਂ ਪੁੱਛਿਆ, “ਕਿੰਨੇ ਹੋਏ ਹੁਣ ਤੱਕ ?”ਤਜਮੁੱਲ ਨੇ ਜਵਾਬ ਦਿੱਤਾ- ਹੁਣ ਤੱਕ ਸੋਲ੍ਹਾਂ! ਨੂਰਜਹਾਂ ਨੇ ਪੰਜਾਬੀ ਵਿੱਚ ਕਲਾਸਿਕ ਟਿੱਪਣੀ ਕੀਤੀ ਸੀ- “ਹਾਏ ਅੱਲ੍ਹਾ! ਨਾ-ਨਾ ਕਰਦਿਆਂ ਵੀ 16 ਹੋ ਗਏ ਨੇ!”
ਨੂਰਜਹਾਂ ਦਾ ਸਭ ਤੋਂ ਮਸ਼ਹੂਰ ਇਸ਼ਕ ਸੀ ਪਾਕਿਸਤਾਨ ਦੇ ਟੈਸਟ ਕ੍ਰਿਕਟਰ ਨਜ਼ਰ ਮੁਹੰਮਦ ਨਾਲ ਅਤੇ ਇਸੇ ਕਾਰਨ ਨਜ਼ਰ ਮੁਹੰਮਦ ਦਾ ਟੈਸਟ ਕੈਰੀਅਰ ਵੀ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਅਲੀ ਅਦਨਾਨ ਕਹਿੰਦੇ ਹਨ, “ਨੂਰਜਹਾਂ ਨੂੰ ਮਰਦ ਬਹੁਤ ਪਸੰਦ ਸੀ। ਉਹ ਕਹਿੰਦੇ ਸਨ ਕਿ ਜੱਦੋਂ ਮੈਂ ਸੋਹਣਾ ਬੰਦਾ ਵੇਖਦੀ ਹਾਂ, ਮੈਨੂੰ ਗੁਦਗੁਦੀ ਹੰਦੀ ਹੈ।”1971 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਨੂਰਜਹਾਂ ਦਾ ਨਾਂ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਯਾਹਿਆ ਖਾਨ ਨਾਲ ਵੀ ਜੋੜਿਆ ਗਿਆ। ਹਾਲਾਂਕਿ ਨੂਰਜਹਾਂ ਨੇ ਕਦੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ।
‘ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮੰਗ’
ਨੂਰਜਹਾਂ ਫ਼ੈਜ਼ ਅਹਿਮਦ ਫ਼ੈਜ਼ ਦਾ ਬੇਹੱਦ ਸਨਮਾਨ ਕਰਦੀ ਸੀ। ਇੱਕ ਵਾਰ ਇੱਕ ਸਮਾਗਮ ਵਿੱਚ ਮਲਿਕਾ ਪੁਖਰਾਜ ਨੇ ਕਿਹਾ ਕਿ ਫ਼ੈਜ਼ ਮੇਰੇ ਭਰਾ ਵਰਗੇ ਹਨ। ਜਦੋਂ ਨੂਰਜਹਾਂ ਦੀ ਵਾਰੀ ਆਈ, ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਫੈਜ਼ ਨੂੰ ਭਰਾ ਨਹੀਂ ਬਲਕਿ ਮਹਿਬੂਬ ਸਮਝਦੀ ਹਾਂ। ਇੱਕ ਵਾਰ ਜਦੋਂ ਫ਼ੈਜ਼ ਤੋਂ ਇੱਕ ਮੁਸ਼ਾਇਰੇ ਦੌਰਾਨ ਉਨ੍ਹਾਂ ਕੋਲੋ ਉਨ੍ਹਾਂ ਦੀ ਮਸ਼ਹੂਰ ਨਜ਼ਮ ‘ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ’ ਸੁਣਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਨਜ਼ਮ ਤਾਂ ਹੁਣ ਨੂਰਜਹਾਂ ਦੀ ਹੋ ਗਈ ਹੈ ਅਤੇ ਹੁਣ ਉਹ ਹੀ ਇਸ ਦੀ ਮਾਲਕਿਨ ਹੈ।
ਇੱਕ ਵਾਰ ਕਿਸੇ ਨੇ ਉਨ੍ਹਾਂ ਨੂੰ ਇਹ ਪੁੱਛ ਲਿਆ ਕਿ, “ਤੁਸੀਂ ਕਦੋਂ ਤੋਂ ਗਾ ਰਹੇ ਹੋ?” ਨੂਰਜਹਾਂ ਦਾ ਜਵਾਬ ਸੀ, “ਮੈਂ ਸ਼ਾਇਦ ਪੈਦਾ ਹੋਣ ਵੇਲੇ ਵੀ ਗਾ ਹੀ ਰਹੀ ਸੀ।”ਜਦੋਂ ਸਾਲ 2000 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਇੱਕ ਬਜ਼ੁਰਗ ਚਾਚੀ ਨੇ ਕਿਹਾ ਸੀ ਕਿ, “ਜਦੋਂ ਨੂਰ ਦਾ ਜਨਮ ਹੋਇਆ ਸੀ, ਤਾਂ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਭੂਆ ਨੇ ਉਸ ਦੇ ਪਿਤਾ ਨੂੰ ਕਿਹਾ ਸੀ- ਇਹ ਕੁੜੀ ਤਾਂ ਰੋਂਦੀ ਵੀ ਸੁਰ ਵਿੱਚ ਹੈ।”
‘ਤੇਰੀ ਵੀ ਗੁੱਡੀ ਅਸਮਾਨੀ ਚੜ੍ਹੇਗੀ’
1930 ਦੇ ਦਹਾਕੇ ‘ਚ ਇੱਕ ਵਾਰ ਨੂਰਜਹਾਂ ਸਥਾਨਕ ਪੀਰ ਦੇ ਸਨਮਾਨ ਲਈ ਪ੍ਰਬੰਧਤ ਸਮਾਗਮ ਵਿੱਚ ਗਾ ਰਹੀ ਸੀ। ਪੀਰ ਨੇ ਪੰਜਾਬੀ ‘ਚ ਵੀ ਕੁਝ ਸੁਨਾਉਣ ਲਈ ਕਿਹਾ।ਨੂਰਜਹਾਂ ਨੇ ਪੰਜਾਬ ਦੀ ਧਰਤੀ ਬਾਰੇ ਗੀਤ ਗਾਇਆ, ‘ਪੰਜ ਪਾਣੀਆਂ ਦੀ ਧੜਤੀ ਗੁੱਡੀ ਅਸਮਾਨੀ ਚੜ੍ਹੇ’ ਗਾਣੇ ਤੋਂ ਖੁਸ਼ ਹੋ ਕੇ ਪੀਰ ਨੇ ਸਿਰ ‘ਤੇ ਹੱਥ ਰੱਖ ਕਿਹਾ ਕਿ ਤੇਰੀ ਵੀ ਗੁੱਡੀ ਅਸਮਾਨੀ ਚੜ੍ਹੇਗੀ। ਹਾਲਾਂਕਿ, ਨੂਰਜਹਾਂ ਨੂੰ ਫਰਮਾਇਸ਼ ‘ਤੇ ਗਾਣਾ ਬਿਲਕੁਲ ਨਾ ਪਸੰਦ ਸੀ।