ਹਿਸਾਰ-50 ਘੰਟਿਆਂ ਤੱਕ ਬੋਰਵੈਲ ‘ਚ ਫਸੇ ਡੇਢ ਸਾਲਾਂ ਨਦੀਮ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਸਫਲਤਾ ਹਾਸਲ ਕੀਤੀ। ਬੁੱਧਵਾਰ ਸ਼ਾਮ (20 ਮਾਰਚ) ਨੂੰ ਬੋਰਵੈਲ ‘ਚ ਡਿੱਗੇ ਨਦੀਮ ਨੂੰ ਸ਼ੁੱਕਰਵਾਰ ਸ਼ਾਮ (22 ਮਾਰਚ) ਨੂੰ ਬਾਹਰ ਕੱਢਿਆ ਗਿਆ। ਬੋਰਵੈਲ ‘ਚ ਫਸੇ ਨਦੀਮ ਨੂੰ ਬਾਹਰ ਕੱਢਣ ਲਈ ਵੀਰਵਾਰ ਨੂੰ ਮਸ਼ੀਨੀ ਕਾਰਵਾਈ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮਿੱਟੀ ਹਟਾਉਣ ਅਤੇ ਸੁਰੰਗ ਬਣਾਉਣ ਲਈ 400 ਤੋਂ ਜ਼ਿਆਦਾ ਪਿੰਡ ਦੇ ਲੋਕਾਂ ਨੇ ਮਦਦ ਕੀਤੀ।
ਜੇ. ਸੀ. ਬੀ. ਦੀ ਖੁਦਾਈ ਨਾਲ 100 ਫੁੱਟ ਡੂੰਘਾ ਸਲੈਬਨੁਮਾ ਖੂਹ ਪੁੱਟਣ ਤੋਂ ਬਾਅਦ ਵੀ ਰਾਤ ਇੱਥੇ 1 ਵਜੇ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਉੱਪਰੋਂ ਮਿੱਟੀ ਖਿਸਕ ਗਈ। ਫੌਜ ਅਤੇ ਐੱਨ. ਆਰ. ਡੀ. ਐੱਫ. ਦੀ ਟੀਮ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਮਿੱਟੀ ਪਾਸੇ ਹਟਾਈ ਗਈ। ਸ਼ੁੱਕਰਵਾਰ ਸਵੇਰੇ 9 ਵਜੇ ਤੱਕ 28 ਫੁੱਟ ਤੱਕ ਸੁਰੰਗ ਬਣਾਈ ਗਈ ਪਰ 3 ਘੰਟਿਆ ਤੱਕ ਬੋਰ ਨਹੀ ਮਿਲਿਆ ਸੀ। ਇਸ ਤੋਂ ਪ੍ਰਸ਼ਾਸਨ ਅਤੇ ਟੀਮਾਂ ਚਿੰਤਾ ‘ਚ ਪੈ ਗਏ। ਇਸ ਤੋਂ ਬਾਅਦ ਉੱਚ ਤਕਨੀਕੀ ਸਿਸਟਮ ਦੀ ਮਦਦ ਨਾਲ ਬੱਚੇ ਦੀ ਸਹੀ ਲੋਕੇਸ਼ਨ ਦਾ ਪਤਾ ਲਗਾ ਕੇ ਲਗਭਗ ਪੌਣੇ 2 ਵਜੇ 10 ਫੁੱਟ ਤੱਕ ਹੋਰ ਸੁਰੰਗ ਪੁੱਟਣ ਦਾ ਨਿਰਦੇਸ਼ ਦਿੱਤਾ ਗਿਆ। ਗ੍ਰੀਨ ਕੋਰੀਡੋਰ ਰਾਹੀਂ ਐਬੂਲੈਂਸ ਨੇ 30 ਮਿੰਟਾਂ ‘ਚ ਹਸਪਤਾਲ ਪਹੁੰਚਾਇਆ ਨਦੀਮ-
ਸੁਰੰਗ ਦੇ ਰਾਹੀਂ ਬੋਰਵੈਲ ‘ਚ ਫਸੇ ਨਦੀਮ ਤੋਂ ਕੁਝ ਦੂਰੀ ‘ਤੇ ਫੌਜ ਪਹੁੰਚੀ ਤਾਂ ਡੀ. ਸੀ. ਨੇ ਗ੍ਰੀਨ ਕੋਰੀਡੋਰ ਬਣਾਉਣ ਲਈ ਹੁਕਮ ਦਿੱਤਾ। ਇਸ ਦੌਰਾਨ ਐੱਸ. ਪੀ. ਸ਼ਿਵ ਚਰਣ ਨੇ ਬੱਚੇ ਨੂੰ ਤਰੁੰਤ ਇਲਾਜ ਲਈ ਅਗ੍ਰੋਹਾ ਮੈਡੀਕਲ ਕਾਲਜ ਪਹੁੰਚਾਉਣ ਨੂੰ ਟ੍ਰੈਫਿਕ ਪੁਲਸ ਨੂੰ ਰੋਡ ਕਲੀਅਰ ਦਾ ਹੁਕਮ ਦੇ ਕੇ ਅਲਰਟ ਕਰ ਦਿੱਤਾ, ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਨਦੀਮ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾਵੇ ਅਤੇ ਇਲਾਜ ਸ਼ੁਰੂ ਕੀਤਾ ਜਾਵੇ। ਇੰਝ ਬਾਲਸਮੰਡ ਪਿੰਡ 49 ਕਿਲੋਮੀਟਰ ਦੂਰ ਅਗ੍ਰੋਹਾ ਤੱਕ ਪਹੁੰਚਣ ਲਈ ਸਿਰਫ 30 ਮਿੰਟ ਦਾ ਸਮਾਂ ਲੱਗਿਆ।
ਵੈਂਟੀਲੇਟਰ ‘ਤੇ 8 ਸੀਨੀਅਰ ਡਾਕਟਰਾਂ ਦੀ ਨਿਗਰਾਨੀ-
ਬਾਲਸਮੰਡ ਪਿੰਡ ਤੋਂ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਦੇ ਆਈ. ਸੀ. ਯੂ. ‘ਚ ਭਰਤੀ ਨਦੀਮ ਨੂੰ ਏ. ਬੀ. ਜੀ. ਤੋਂ ਬਾਅਦ ਵੈਂਟੀਲੇਟਰ ‘ਤੇ ਰੱਖਿਆ ਗਿਆ। ਬੱਚੇ ਦੇ ਇਲਾਜ ਲਈ 8 ਸੀਨੀਅਰ ਡਾਕਟਰਾਂ ਦੀ ਟੀਮ ਲਗਾਈ ਗਈ। ਹਸਪਤਾਲ ਦੇ ਬਾਹਰ ਕਾਫੀ ਗਿਣਤੀ ‘ਚ ਭੀੜ ਹੋਣ ਕਾਰਨ ਪੁਲਸ ਦਾ ਸਖਤ ਪਹਿਰਾ ਲਗਾਇਆ ਗਿਆ ਹੈ।
ਇੱਕ ਦਿਨ ਬਾਅਦ ਮਨਾਈ ਗਈ ਹੋਲੀ-
ਨਦੀਮ ਦੇ ਬੋਰਵੈਲ ‘ਚ ਡਿੱਗਣ ਕਾਰਨ ਬਾਲਸਮੰਡ ਪਿੰਡ ‘ਚ ਕਿਸੇ ਨੇ ਵੀ ਹੋਲੀ ਨਹੀਂ ਮਨਾਈ। ਲਗਭਗ 50 ਘੰਟਿਆਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਰੈਸਕਿਊ ਟੀਮ ਅਤੇ ਪਿੰਡ ਦੇ ਲੋਕਾ ਦੀ ਬਦਲੌਤ ਨਦੀਮ ਜਦੋਂ ਸੁਰੰਗ ‘ਚ ਬਾਹਰ ਕੱਢਿਆ ਗਿਆ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਫੌਜ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਈ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਨੱਚ-ਗਾ ਕੇ ਭੰਗੜੇ ਪਾਏ ਅਤੇ ਔਰਤਾਂ ਨੇ ਥਾਲੀਆਂ ਵਜਾ ਕੇ ਖੁਸ਼ੀ ਮਨਾਈ।