ਅੰਮ੍ਰਿਤਸਰ— ਪਾਕਿਸਤਾਨ ਸਰਕਾਰ ਵਲੋਂ ਭਾਰਤੀ ਕੈਦੀ ਮੁੰਬਈ ਵਾਸੀ ਹਾਮਿਦ ਨਿਹਾਲ ਅੰਸਾਰੀ ਦੀ ਰਿਹਾਈ ਦੇ ਬਾਅਦ ਹੁਣ ਭਾਰਤ ਸਰਕਾਰ ਵਲੋਂ ਪਾਕਿਸਤਾਨੀ ਕੈਦੀ ਇਮਰਾਨ ਵਾਰਸੀ ਨੂੰ ਬੁੱਧਵਾਰ ਦੇ ਦਿਨ ਅਟਾਰੀ-ਵਾਹਗਾ ਬਾਰਡਰ ਦੇ ਰਸਤੇ ਰਿਹਾਅ ਕੀਤਾ ਜਾ ਰਿਹਾ ਹੈ।
ਇਮਰਾਨ ਵਾਰਸੀ 10 ਸਾਲ ਦੀ ਸਜ਼ਾ ਕੱਟਣ ਦੇ ਬਾਅਦ ਆਪਣੇ ਵਤਨ ਵਾਪਸ ਪਰਤ ਰਿਹਾ ਹੈ ਹਾਲਾਂਕਿ ਵਾਰਸੀ ਦਾ ਕਹਿਣਾ ਹੈ ਕਿ ਉਹ ਆਪਣੀ ਮਸ਼ੂਕਾ ਦੇ ਪਿਆਰ ਵਿਚ ਭਾਰਤ ਆਇਆ ਸੀ। ਭਾਰਤ ਆ ਕੇ ਉਸ ਨੇ ਬਕਾਇਦਾ ਵਿਆਹ ਵੀ ਰਚਾਇਆ ਪਰ ਸੁਰੱਖਿਆ ਏਜੰਸੀਆਂ ਦੀ ਮੰਨੀਏ ਤਾਂ ਉਹ ਭਾਰਤ ਵਿਚ ਜਾਸੂਸੀ ਕਰਨ ਲਈ ਆਇਆ ਸੀ, ਜਿਸ ਕਾਰਨ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿਣ ਦੇ ਕਾਰਨ ਉਸ ਨੂੰ ਸਜ਼ਾ ਹੋਈ, ਜਿਸ ਨੂੰ ਇਮਰਾਨ ਵਾਰਸੀ ਨੇ ਪੂਰਾ ਕਰ ਲਿਆ ਹੈ। ਵਾਰਸੀ ਦੀ ਪਤਨੀ ਅਤੇ ਦੋ ਬੱਚੇ ਵੀ ਹਨ ਜੋ ਹਿੰਦੁਸਤਾਨੀ ਹੈ ਪਰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿਣ ਦੇ ਕਾਰਨ ਭਾਰਤ ਸਰਕਾਰ ਵਾਰਸੀ ਨੂੰ ਪਾਕਿਸਤਾਨ ਭੇਜ ਰਹੀ ਹੈ। ਵਾਰਸੀ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਜਾ ਕੇ ਆਪਣੀ ਸਰਕਾਰ ਵਲੋਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਾਕਿਸਤਾਨ ਲਿਜਾਣ ਲਈ ਗੁਜਾਰਿਸ਼ ਕਰੇਗਾ।