ਅੱਜ ਬੁੱਧਵਾਰ ਸਵੇਰੇ ਫ਼ਰੀਦਕੋਟ ਤੇ ਜਲੰਧਰ ’ਚ ਇੱਕ–ਇੱਕ ਵਿਅਕਤੀ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਆਈ ਹੈ। ਇੰਝ ਪੰਜਾਬ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 101 ਹੋ ਗਈ ਹੈ।
ਫ਼ਰੀਦਕੋਟ ਦੇ ਨਵੇਂ ਕੋਰੋਨਾ–ਪਾਜ਼ਿਟਿਵ ਦੇ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਵੀ ਵਿਅਕਤੀ ਬੀਤੇ ਪੰਦਰਵਾੜੇ ਦੌਰਾਨ ਉਸ ਦੇ ਸੰਪਰਕ ’ਚ ਆਏ ਹੋਣਗੇ, ਉਨ੍ਹਾਂ ਸਭ ਦੇ ਕੋਰੋਨਾ–ਵਾਇਰਸ ਦੇ ਟੈਸਟ ਹੋਣਗੇ ਤੇ ਉਨ੍ਹਾਂ ਨੂੰ ਅਗਲੇ ਦਿਨਾਂ ਲਈ ਕੁਆਰੰਟੀਨ ’ਚ ਰੱਖਿਆ ਜਾਵੇਗਾ।
ਪ੍ਰਤੀਕ ਮਾਹਲ ਦੀ ਰਿਪੋਰਟ ਮੁਤਾਬਕ ਅੱਜ ਬੁੱਧਵਾਰ ਨੂੰ ਪਾਇਆ ਜਾਣ ਵਾਲਾ ਕੋਰੋਨਾ–ਮਰੀਜ਼ ਦਰਅਸਲ ਫ਼ਰੀਦਕੋਟ ਦੇ ਪਹਿਲੇ ਪਾਜ਼ਿਟਿਵ ਮਰੀਜ਼ ਦੇ ਸੰਪਰਕ ’ਚ ਰਿਹਾ ਸੀ। ਇਸੇ ਲਈ ਉਸ ਨੂੰ ਵੀ ਲਾਗ ਲੱਗੀ ਹੈ।
ਜਲੰਧਰ ਤੋਂ ਗਗਨਦੀਪ ਜੱਸੋਵਾਲ ਦੀ ਰਿਪੋਰਟ ਮੁਤਾਬਕ ਅੱਜ ਜਲੰਧਰ ‘ਚ ਜਿਹੜਾ ਨਵਾਂ ਕੋਰੋਨਾ–ਕੇਸ ਸਾਹਮਣੇ ਆਇਆ ਹੈ, ਉਹ ਦਰਅਸਲ ਉਸੇ ਔਰਤ ਦਾ ਪੁੱਤਰ ਹੈ, ਜਿਹੜੀ ਪਹਿਲਾਂ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ।
ਇਸ ਤੋਂ ਪਹਿਲਾਂ ਕੱਲ੍ਹ ਮੰਗਲਵਾਰ ਨੂੰ ਪੰਜਾਬ ’ਚ ਇੱਕੋ ਦਿਨ ਵਿੱਚ 19 ਮਾਮਲੇ ਸਾਹਮਣੇ ਆਏ ਸਨ। ਉੱਧਰ ਹਰਿਆਣਾ ਸੂਬੇ ’ਚ ਇੱਕੋ ਦਿਨ ਵਿੱਚ 33 ਨਵੇਂ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਤੇ ਉੱਥੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 129 ਹੋ ਗਈ ਹੈ।
ਕੱਲ੍ਹ ਪੰਜਾਬ ’ਚ ਜਿਹੜੇ 19 ਨਵੇਂ ਕੋਰੋਨਾ–ਮਰੀਜ਼ ਪਾਏ ਗਏ ਸਨ; ਉਨ੍ਹਾਂ ਵਿੱਚੋਂ ਤਿੰਨ ਤਬਲੀਗ਼ੀ ਜਮਾਤ ਨਾਲ ਸਬੰਧਤ ਹਨ। ਉਹ ਤਿੰਨੇ ਜਣੇ ਦਿੱਲੀ ਦੇ ਨਿਜਾਮੁੱਦੀਨ ਵਿਖੇ ਤਬਲੀਗ਼ੀ ਜਮਾਤ ਦੇ ਸਮਾਰੋਹ ’ਚ ਸ਼ਾਮਲ ਹੋਣ ਲਈ ਗਏ ਸਨ।
ਪੰਜਾਬ ’ਚ ਸਭ ਤੋਂ ਵੱਧ 26 ਮਰੀਜ਼ ਮੋਹਾਲੀ ਜ਼ਿਲ੍ਹੇ ’ਚ ਹਨ। ਉਸ ਤੋਂ ਬਾਅਦ ਨਵਾਂਸ਼ਹਿਰ ਜ਼ਿਲ੍ਹੇ ਦਾ ਨੰਬਰ ਆਉਂਦਾ ਹੈ, ਜਿੱਥੇ 19 ਵਿਅਕਤੀ ਇਸ ਘਾਤਕ ਵਾਇਰਸ ਦੀ ਲਪੇਟ ’ਚ ਹਨ। ਉਹ ਸਾਰੇ ਆਪੋ–ਆਪਣੇ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਪਠਾਨਕੋਟ ’ਚ ਕੱਲ੍ਹ ਇੱਕੋ ਦਿਨ ’ਚ ਛੇ ਮਾਮਲੇ ਸਾਹਮਦੇ ਆਏ ਸਨ। ਇੰਝ ਹੀ ਮੋਗਾ ’ਚ ਚਾਰ ਤੇ ਮਾਨਸਾ ’ਚ ਦੋ ਮਾਮਲੇ ਸਾਹਮਣੇ ਆਏ ਸਨ।
ਪਠਾਨਕੋਟ ’ਚ ਬੀਤੀ 5 ਅਪ੍ਰੈਲ ਨੂੰ 74 ਸਾਲਾ ਜਿਸ ਔਰਤ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ, ਉਸ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ–ਪਾਜ਼ਿਟਿਵ ਹੋ ਚੁੱਕੇ ਹਨ।
ਮੋਹਾਲੀ ਜ਼ਿਲ੍ਰੇ ਦੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ’ਚ ਜਿਹੜੇ ਤਾਜ਼ਾ ਮਾਮਲੇ ਸਾਹਮਣੇ ਆਏ ਸਨ, ਉਹ ਸਾਰੇ ਇਸ ਵੇਲੇ ਬਨੂੜ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹਨ।