ਇੱਕੋ ਧੁੱਪ ਦੇ ਨਿੱਘੇ ਪਰਦੇ ‘ਚ ਵਿਚਰਦੇ ਭਾਂਤ-ਸੁਭਾਂਤੇ ਪਿਛੋਕੜਾਂ, ਵਿਸ਼ਵਾਸ਼ਾਂ, ਧਰਮਾਂ ਅਤੇ ਧਰਾਤਲਾਂ ਦੇ ਪੁਤਲੇ ਪੰਜਾਬ ਦੀਆਂ ਪੱਤਣਾਂ ‘ਤੇ ਕੋਲ਼ੋ-ਕੋਲ਼ ਹੋ ਕੇ ਬਹਿੰਦੇ ਤਾਂ ਨਿੱਤਰੇ ਪਾਣੀਆਂ ਦੀਆਂ ਸੁਭਾਗੀਆਂ ਚੌਂਕੀਆਂ ਚਮਕ ਉੱਠਦੀਆਂ । ਜਦੋੰ ਦੁਨੀਆ ਨੂੰ ਸੂਫ਼ੀਆਂ ਦੀ ਸੂਖ਼ਮ ਦੁਨੀਆ ਦੇ ਧੂਣੇ ਦੀ ਲਾਜ ਸੀ, ਮੰਦਰਾਂ-ਮਸੀਤਾਂ ‘ਚੋੰ ਉੱਠਦੇ ਅਕੀਦਿਆਂ ਦੀ ਓਟ ਸੀ, ਜਦੋੰ ਲੋਕਾਈ ਨੂੰ ਗੁਰੂਘਰਾਂ ਦੀ ਮਰਿਆਦਾ ਦੇ ਅੰਤਲੇ ਰਹੱਸਾਂ ਦਾ ਅਰਕ ਤੱਕ ਪਤਾ ਸੀ । ਜਦੋੰ ਧਰਮ ਦੇ ਅਰਥ ਮਿੱਟੀ ਅਤੇ ਹਵਾ ਦੇ ਮਾਇਨੇ ਨਾਲ਼ ਹੀ ਮਿਲ਼ਦੇ-ਜੁਲ਼ਦੇ ਸੀ । ਜਦੋੰ ਧਰਮ ਧਰਤੀ ਦੀ ਗੂੰਜ ‘ਤੇ ਲਿੱਪਿਆ ਹੋਇਆ ਸੀ । ਜਦੋਂ ਸਿੱਧ-ਪੱਧਰੇ ਬੰਦਿਆਂ ਦੀਆਂ ਨਜ਼ਰਾਂ ਦਾ ਅਨਿੱਖੜਵਾਂ ਨੂਰ ਰੱਸਾ ਤੁੜਾਉਂਦੇ, ਖੌਰੂ ਪਾਉਂਦੇ ਛੋਟੇ-ਮੋਟੇ ਮਜ਼ਬੀ ਵਰੋਲ਼ਿਆਂ ਤੋੰ ਲੈ ਕੇ ਬੇਲਗਾਮ ਅਤੇ ਵੱਢ-ਖਾਣੇ ਤੂਫ਼ਾਨਾਂ ਨੂੰ ਕਸ਼ੀਦ ਲੈਂਦਾ ਸੀ ।
ਹੁਣ ਸਾਡਾ ਹੇਰਵਾ ਕੱਚੇ ਰਾਹਾੰ, ਗੱਡਿਆਂ, ਚਰਖਿਆਂ ਅਤੇ ਕੰਧੋਲ਼ੀਆਂ ਤੋੰ ਹਟ ਕੇ ਪੰਜਾਬ ਦੀ ਓਸ ਹਵਾ ਨਾਲ਼ ਹੈ ਜਿਹੜੀ ਹਵਾ ‘ਚੋੰ ਗੁਰੂਆਂ, ਪੀਰਾਂ, ਫ਼ਕੀਰਾਂ, ਆਸ਼ਕਾਂ ਅਤੇ ਦਰਵੇਸ਼ਾਂ ਦੇ ਬੋਲ ਚਿਉਂਦੇ ਨੇ । ਹੇਰਵਾ ਓਸ ਲੋਕਾਈ ਦਾ ਜਿਹੜੀ ਅੱਖਾਂ ਬੰਦ ਕਰਕੇ ਅਰਦਾਸ ਕਰਨਾ ਜਾਣਦੀ ਸੀ । ਤਾਂਘ ਉਹਨਾਂ ਵਤਨਾਂ ਦੀ ਹੈ ਜਿੱਥੇ ਕੋਝੇ ਤਰਕਾਂ ਦੀ ਜ਼ਹਿਰੀਲੀ ਕਾਈ ਫੈਲ-ਫੈਲ ਕੇ ਆਪੇ ਤੋੰ ਬਾਹਰ ਨਹੀਂ ਸੀ ਹੋਈ ।
ਬਾਹਰ ਦੋ ਮੰਜਿਆਂ ਨੂੰ ਜੋੜ ਕੇ ਸਪੀਕਰ ਲੱਗਣ ਚਾਹੇ ਨਾ ਲੱਗਣ ਪਰ ਧੁਰ ਅੰਦਲੀਆਂ ਪਰਤਾਂ ‘ਚੋੰ ਰਬਾਬ ਦੀ ਤਰਬ ਲਰਜ਼ਦੀ ਰਹੇ । ਅਸੀਂ ਤਕਨੀਕ ਅਤੇ ਆਧੁਨਿਕਤਾ ਦਾ ਸਵਾਗਤ ਕਰਦੇ ਹਾਂ । ਬਦਲਾਓ ਦੀ ਹਾਮੀ ਭਰਦੇ ਹਾਂ ਅਤੇ ਇਹ ਸੋਚਣ ਦਾ ਜੇਰਾ ਵੀ ਕਰਦੇ ਹਾਂ ਕਿ ਮਸਲਾ ਹੁਣ ‘ਕੱਲਾ ਪਰਾਂਦਿਆਂ ਤੇ ਟੌਰਿਆਂ ਦਾ ਵੀ ਨਹੀੰ, ਪਹਿਲਾ ਫ਼ਿਕਰ ਹੁਣ ਖੋਖਲੇ ਸਿਰਾਂ ਦੀ ਸਵਾਹ ‘ਚੋੰ ਉਨਾਭੀ ਚਿਣਗਾਂ ਲੱਭਣ ਦਾ ਹੈ ।
ਆਓ ਮਿਲ ਕੇ ਸਰਬ-ਸਾਂਝੀ-ਅਰਦਾਸ ਕਰੀਏ ਕਿ ਸਾਡੇ ਸੁਪਨਿਆਂ ‘ਚ ਵਾਰ-ਵਾਰ ਆਉੰਦੀਆਂ ਉੱਜੜੀਆਂ ਪੱਤਣਾਂ ਫੇਰ ਆਬਾਦ ਹੋ ਜਾਣ । ਜਿੱਥੇ ਭਾਂਤ-ਸੁਭਾਂਤੇ ਪਿਛੋਕੜਾਂ, ਵਿਸ਼ਵਾਸ਼ਾਂ, ਧਰਮਾਂ ਅਤੇ ਧਰਾਤਲਾਂ ਦੇ ਪੁਤਲੇ ਕੋਲ਼ੋ-ਕੋਲ਼ ਹੋ ਕੇ ਬੈਠਣ ਤਾਂ ਨਿੱਤਰੇ ਪਾਣੀਆਂ ਦੀਆਂ ਸੁਭਾਗੀਆਂ ਚੌਂਕੀਆਂ ਚਮਕ ਉੱਠਣ ।
-ਹਰਮਨਜੀਤ ਸਿੰਘ ਦੀ ਆ ਰਹੀ ਕਿਤਾਬ ਧਰਤੀ ਹੀਰ ਚੋਂ