ਮੁੰਬਈ— ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। ਹਾਂਗਕਾਂਗ ਲਈ ਹੁਣ ਤੁਸੀਂ ਸਸਤੀ ਫਲਾਈਟ ‘ਚ ਸਫਰ ਦਾ ਅਨੰਦ ਮਾਣ ਸਕੋਗੇ। ਦਰਅਸਲ, ਸਸਤਾ ਹਵਾਈ ਸਫਰ ਕਰਵਾਉਣ ਲਈ ਜਾਣੀ ਜਾਂਦੀ ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਨਵੀਂ ਦਿੱਲੀ ਤੋਂ ਹਾਂਗਕਾਂਗ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਇਸ ਨਵੀਂ ਸੇਵਾ ਦੀ ਸ਼ੁਰੂਆਤ ਦੇ ਨਾਲ ਹੀ ਹੁਣ ਸਪਾਈਸ ਜੈੱਟ ਹਰ ਹਫਤੇ ਦਿੱਲੀ-ਹਾਂਗਕਾਂਗ-ਦਿੱਲੀ ਮਾਰਗ ‘ਤੇ 2,500 ਸੀਟਾਂ ਮੁਹੱਈਆ ਕਰਵਾਏਗੀ।189 ਸੀਟਾਂ ਵਾਲੇ ਬੋਇੰਗ-737 ਮੈਕਸ ਜਹਾਜ਼ ਰਾਹੀਂ ਇਹ ਸੇਵਾ ਮੁਹੱਈਆ ਕਰਵਾਈ ਜਾਵੇਗੀ।ਇਸ ਦੇ ਨਾਲ ਹੀ ਕੰਪਨੀ ਇਸ ਮਾਰਗ ‘ਤੇ ਸਿੱਧੀ ਉਡਾਣ ਚਲਾਉਣ ਵਾਲੀ ਇਕ-ਮਾਤਰ ਘਰੇਲੂ ਸਸਤੀ ਹਵਾਈ ਕੰਪਨੀ ਬਣ ਗਈ ਹੈ।
ਸਪਾਈਸ ਜੈੱਟ ਦੀ ਮੁੱਖ ਵਿਕਰੀ ਤੇ ਰੈਵੇਨਿਊ ਅਧਿਕਾਰੀ ਸਿਲਪਾ ਭਾਟੀਆ ਨੇ ਕਿਹਾ, ”ਦਿੱਲੀ-ਹਾਂਗਕਾਂਗ ਮਾਰਗ ‘ਤੇ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਕੇ ਸਾਨੂੰ ਖੁਸ਼ੀ ਹੋ ਰਹੀ ਹੈ। ਅਸੀਂ ਇਸ ਖੇਤਰ ‘ਚ ਕਾਫੀ ਸੰਭਾਵਨਾਵਾਂ ਦੇਖ ਰਹੇ ਹਾਂ। ਅਸੀਂ ਪਹਿਲਾਂ ਹੀ ਇਸ ਖੇਤਰ ‘ਚ ਕਾਫੀ ਮੰਗ ਦੇਖ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ‘ਚ ਇਸ ਦੇ ਹੋਰ ਵਧਣ ਦੀ ਉਮੀਦ ਹੈ।” ਹਾਂਗਕਾਂਗ ਦੇ ਇਲਾਵਾ ਸਪਾਈਸ ਜੈੱਟ ਕੋਲੰਬੋ, ਦੁਬਈ, ਢਾਕਾ, ਕਾਬੁਲ, ਮਾਲੇ ਅਤੇ ਮਸਕਟ ਨੂੰ ਵੀ ਫਲਾਈਟ ਚਲਾ ਰਹੀ ਹੈ।