ਪਾਣੀਪਤ : ਲੌਕਡਾਊਨ ਫ਼ੇਜ਼-3 ਦਾ ਅੱਜ 7ਵਾਂ ਦਿਨ ਹੈ। ਫ਼ਰੀਦਾਬਾਦ ਵਿੱਚ ਲਾਗ ਕਾਰਨ ਤੀਜੀ ਮੌਤ ਹੋ ਗਈ ਹੈ। ਜਦਕਿ ਪ੍ਰਦੇਸ਼ ਵਿੱਚ ਇਹ 10ਵੀਂ ਮੌਤ ਹੈ ਇਸ ਤੋਂ ਇਲਾਵਾ ਫ਼ਰੀਦਾਬਾਦ ਦੇ ਏ.ਐਸ.ਆਈ. ਹਸਪਤਾਲ ਵਿੱਚ ਭਰਤੀ 73 ਸਾਲਾ ਇਕ ਸ਼ੂਗਰ ਮਰੀਜ਼ (ਔਰਤ) ਨੇ ਦਮ ਤੋੜ ਦਿੱਤਾ ਹੈ। ਇਸ ਔਰਤ ਦੀ ਪਛਾਣ ਆਸ਼ਾ ਸੂਰੀ ਫ਼ਰੀਦਾਬਾਦ ਦੇ ਸੈਕਟਰ 29 ਵਜੋਂ ਹੋਈ ਹੈ। ਬੀਤੀ 6 ਮਈ ਨੂੰ ਔਰਤ ਦੀ ਰੀਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਔਰਤ ਨੂੰ ਏਐਸਆਈ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਹਰਿਆਣਾ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 695 ਤੱਕ ਅੱਪੜ ਗਈ ਹੈ। ਗੁਰੂਗਰਾਮ ਤੋਂ ਬਾਅਦ ਸੋਨੀਪਤ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 100 ਨੂੰ ਜਾ ਢੁੱਕੀ ਹੈ।
ਕਰੋਨਾ ਕਾਰਨ ਜਾਨ ਗਵਾਉਣ ਵਾਲੀ ਪਾਣੀਪਤ ਦੀ 20 ਸਾਲਾ ਲੜਕੀ ਦਾ ਅੰਤਿਮ ਸਸਕਾਰ ਵੀ ਖ਼ਾਨਪੁਰ ਦੇ ਡਾਕਟਰਾਂ ਨੂੰ ਕਰਵਾਉਣਾ ਪਿਆ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਦੇਹ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਜਦਕਿ ਅਜਿਹੇ ਸਮੇਂ ਵਿੱਚ ਪਰਿਵਾਰ ਦੇ ਕਿਸੇ ਨਾ ਕਿਸੇ ਇਕ ਮੈਂਬਰ ਦੀ ਮੌਜੂਦ ਜ਼ਰੂਰੀ ਹੈ। ਦਰਅਸਲ ਲੜਕੀ ਫ਼ਰੀਦਾਬਾਦ ਦੀ ਸੀ ਅਤੇ ਇਥੇ ਆਪਣੀ ਭੈਣ ਕੋਲ ਰਹਿਣ ਲਈ ਆਈ ਸੀ। ਪਾਣੀਪਤ ਦੇ ਲੋਕ ਫ਼ਰੀਦਾਬਾਦ ਅਤੇ ਫ਼ਰੀਦਾਬਾਦ ਦੇ ਪਰਿਵਾਰਕ ਮੈਂਬਰ ਪਾਣੀਪਤ ਅੰਤਿਮ ਸਸਕਾਰ ਲਈ ਕਹਿ ਰਹੇ ਸੀ।