ਖ਼ਾਲਸਾ ਰਾਜ ਸਮੇਂ ਸਿੱਖ ਸਨਾਤਨੀ ਹਿੰਦੂਆਂ ਦਾ ਲਗਭਗ ਅੰਗ ਹੀ ਬਣ ਚੁੱਕੇ ਸਨ
ਖ਼ਾਲਸਾ ਰਾਜ ਸਮੇਂ ਸਿੱਖ ਹਿੰਦੂ ਸਮਾਜ ਦਾ ਅਟੁੱਟ ਅੰਗ ਸੀ। ਉਸ ਵੇਲੇ ਦੇ ਸਿੱਖਾਂ ਨੂੰ ਕੇਸਾਧਾਰੀ ਸਨਾਤਨ ਧਰਮੀ ਸਿੱਖ ਆਖਣਾ ਕੋਈ ਅਤਿਕਥਨੀ ਨਹੀਂ ਹੋਵੇਗਾ। ਇਸ ਸਮੇਂ ਦੇ ਧਾਰਮਕ ਅਤੇ ਸਮਾਜਕ ਹਾਲਾਤ ਬਾਰੇ ਬਾਵਾ ਪ੍ਰੇਮ ਸਿੰਘ ਹੋਤੀ ਅਪਣੀ ਪੁਸਤਕ ”ਖ਼ਾਲਸਾ ਰਾਜ ਸਮੇਂ ਪੰਜਾਬ ਦਾ ਸਮਾਜਕ ਇਤਿਹਾਸ” ਸੰਪਾਦਕ ਡਾ. ਫ਼ੌਜਾ ਸਿੰਘ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇੰਵੇ ਲਿਖਦੇ ਹਨ : ”ਹਿੰਦੂ ਸਿੱਖ ਸਮਾਜ ਵਿਚ ਅਣਗਿਣਤ ਜਾਤਾਂ ਬਰਾਦਰੀਆਂ ਮੌਜੂਦ ਸਨ ਅਤੇ ਲਗਭਗ ਹਰ ਜਾਤ ਬਰਾਦਰੀ ਦੀ ਪੰਚਾਇਤ ਅਪਣੀ ਹੁੰਦੀ ਸੀ ਜੋ ਉਸ ਬਰਾਦਰੀ ਨਾਲ ਸਬੰਧਤ ਮਾਮਲਿਆਂ ਦੀ ਦੇਖਭਾਲ ਕਰਦੀ ਸੀ। ਉਸ ਨੇ ਇਹ ਦੇਖਣਾ ਹੁੰਦਾ ਸੀ ਕਿ ਬਰਾਦਰੀ ਵਿਚ ਜਨਮ, ਵਿਆਹ, ਮੌਤ ਆਦਿ ਸਬੰਧੀ ਜੋ ਰੀਤਾਂ, ਰਸਮਾਂ ਕੀਤੀਆਂ ਜਾਂਦੀਆਂ ਸਨ, ਉਨ•ਾਂ ਦੀ ਵਰਤੋਂ ਪ੍ਰਵਾਨਿਤ ਨਿਯਮਾਂ ਅਨੁਸਾਰ ਹੈ ਜਾਂ ਨਹੀਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਵੀ ਦਿਤੀ ਜਾਂਦੀ ਸੀ। ਜੇ ਦੋਸ਼ ਗੰਭੀਰ ਹੋਵੇ ਤਾਂ ਬਰਾਦਰੀ ਵਿਚੋਂ ਖ਼ਾਰਜ ਕਰ ਦਿਤਾ ਜਾਂਦਾ ਸੀ।”
ਜਾਤ ਪਾਤ ਦੀਆਂ ਗੰਢਾਂ ਹੋਰ ਵੀ ਪੀਡੀਆਂ ਹੋ ਗਈਆਂ। ਬ੍ਰਾਹਮਣਾਂ ਨੂੰ ਹੋਰ ਸ਼ਹਿ ਮਿਲੀ। ਜਾਦੂ ਟੂਣਿਆਂ, ਜੰਤਰ ਮੰਤਰਾਂ, ਫੋਕਟ ਰੀਤਾਂ, ਰਸਮਾਂ, ਸਰਾਧਾਂ, ਵਰਤਾਂ, ਪਿੱਤਰ-ਪੂਜਾ, ਤੀਰਥ ਯਾਤਰਾ ਆਦਿ ਵਿਚ ਵਿਸ਼ਵਾਸ ਹੋਰ ਪੱਕਾ ਹੋ ਗਿਆ। ਔਰਤਾਂ ਦੀ ਦਸ਼ਾ ਵਿਚ ਹੋਰ ਗਿਰਾਵਟ ਆ ਗਈ। ਬਾਲ ਵਿਆਹ ਵਧੇਰੇ ਪ੍ਰਚਲਤ ਹੋ ਗਿਆ। ਜਮਦੀਆਂ ਕੁੜੀਆਂ ਨੂੰ ਮਾਰਨ, ਵਿਧਵਾ ਨੂੰ ਮੁੜ ਵਿਆਹ ਨਾ ਕਰਨ ਦੇਣ, ਪਤਨੀ ਨੂੰ ਪਤੀ ਦੇ ਮ੍ਰਿਤਕ ਸਰੀਰ ਨਾਲ ਸਤੀ ਹੋਣ ਲਈ ਮਜਬੂਰ ਕਰਨ ਤੇ ਔਰਤਾਂ ਨੂੰ ਘਰ ਦੀ ਚਾਰ-ਦੀਵਾਰੀ ਵਿਚ ਬੰਦ ਰੱਖਣ ਤੇ ਬਾਹਰ ਨਾ ਨਿਕਲਣ ਦੇਣ ਅਤੇ ਪੂਰਨ ਪਰਦਾ ਕਰਵਾਉਣ ਦੀਆਂ ਪਰੰਪਰਾਵਾਂ ਨੂੰ ਹੋਰ ਸ਼ਕਤੀ ਮਿਲੀ। ਇਕ ਤੋਂ ਵੱਧ ਪਤਨੀਆਂ ਰੱਖਣ ਦਾ ਰਿਵਾਜ ਵੀ ਵÎਧਿਆ। ਨੀਵੀਆਂ ਜਾਤੀਆਂ ਦੀ ਸਮਾਜਕ ਸਥਿਤੀ ਅੱਗੇ ਨਾਲੋਂ ਵਧੇਰੇ ਵਿਗੜ ਗਈ। ਸਿੱਖ ਧਰਮ ਵਿਚ ਬ੍ਰਾਹਮਣਵਾਦ ਕਾਰਨ ਕੁਰੀਤੀਆਂ ਨੇ ਪ੍ਰਵੇਸ਼ ਕੀਤਾ। ਉਸ ਸਮੇਂ ਉਘੇ ਸੁਧਾਰਵਾਦੀ ਬਾਬਾ ਦਿਆਲ ਦਾ ਲਕਸ਼ ਇਹ ਸੀ ਕਿ ਸਿੱਖ ਧਰਮ ਵਿਚ ਆਈਆਂ ਜਾਂ ਆ ਰਹੀਆਂ ਕੁਰੀਤੀਆਂ ਤੇ ਤਰੁਟੀਆਂ ਨੂੰ ਪ੍ਰਚਾਰ ਦੁਆਰਾ ਦੂਰ ਕੀਤਾ ਜਾਵੇ। ਉਨ•ਾਂ ਨੇ ਲੋਕਾਂ ਖ਼ਾਸ ਕਰ ਕੇ ਸਿੱਖਾਂ ਨੂੰ ਬੁੱਤ-ਪੂਜਾ, ਬਹੁ ਦੇਵਵਾਦ ਪੁਜਾ, ਜਾਤ ਪਾਤ, ਤੀਰਥ ਯਾਤਰਾ ਅਤੇ ਹੋਰ ਅਜਿਹੀਆਂ ਕੁਰਾਹੇ ਪਾਉਣ ਵਾਲੀਆਂ ਚੀਜ਼ਾਂ ਨੂੰ ਛੱਡ ਕੇ ਸਿੱਖ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਇਕ ਨਿਰੰਕਾਰ ਦੀ ਅਰਾਧਨਾ ਲਈ ਪ੍ਰੇਰਣਾ ਦਾ ਉਦਮ ਕੀਤਾ।
ਬਾਬਾ ਦਿਆਲ ਜੀ ਰਾਵਲਪਿੰਡੀ ਵਿਖੇ ਨਿਵਾਸ ਸਮੇਂ ਕਰਿਆਨੇ ਦੀ ਦੁਕਾਨ ਕਰਦੇ ਸਨ। ਉਹ ਗੁਰਦਵਾਰਿਆਂ ਵਿਚ ਦੇਵੀ-ਦੇਵਤਿਆਂ ਦੀ ਵਿਰੋਧਤਾ ਕਰਦਿਆਂ ਇਕ ਨਿਰੰਕਾਰ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੰਦੇ ਸਨ। ਅਜਿਹੇ ਉਪਦੇਸ਼ ਹਿੰਦੂ ਸਿੱਖ ਭਾਈਚਾਰੇ ਨੂੰ ਪ੍ਰਵਾਨ ਨਹੀਂ ਸਨ। ਆਪ ਦੇ ਗੁਰਦਵਾਰਿਆਂ ਵਿਚ ਪ੍ਰਚਾਰ ਕਰਨ ਉਤੇ ਪਾਬੰਦੀ ਲਗਾ ਦਿਤੀ ਗਈ ਤੇ ਬਰਾਦਰੀ ਵਿਚੋਂ ਛੇਕ ਦਿਤਾ ਗਿਆ। ਆਪ ਅਪਣੀ ਦੁਕਾਨ ਲਈ ਸੌਦਾ ਲਿਆਉਣ ਲਈ ਭੇਰਾ ਨਗਰ ਜਾਂਦੇ ਰਹਿੰਦੇ ਸਨ। ਇਥੇ ਆਪ ਬੁੱਧੂ ਸ਼ਾਹ ਸੇਵਾਪੰਥੀ ਦੇ ਡੇਰੇ ਠਹਿਰਦੇ ਸਨ। ਉਸ ਵੇਲੇ ਆਪ ਦੀ ਉਮਰ 25 ਕੁ ਵਰਿ•ਆਂ ਦੀ ਸੀ ਤੇ ਸੰਤ ਬੁੱਧੂ ਸ਼ਾਹ ਵੀ 15-16 ਵਰਿ•ਆਂ ਦੇ ਸਨ। ਦੋਵੇਂ ਨੌਜਵਾਨ ਮਿਲ ਕੇ ਵਾਰਤਾਲਾਪ ਕਰਦੇ। ਬਾਬਾ ਦਿਆਲ ਜੀ ਦਾ ਇਹ ਵਾਰਤਾਲਾਪ ਭਾਈ ਚਰਨ ਦਾਸ ਤੇ ਉਨ•ਾਂ ਦੀ ਪਤਨੀ ਬਿਸ਼ਨ ਦੇਈ ਸੁਣ ਕੇ ਬੜੇ ਪ੍ਰਭਾਵਤ ਹੁੰਦੇ। ਇਨ•ਾਂ ਦੀ ਬੇਟੀ ਮੂਲ ਦੇਈ ਵਿਆਹ ਯੋਗ ਸੀ। ਆਪ ਨੇ ਮਨ ਬਣਾਇਆ ਕਿ ਬਾਬਾ ਦਿਆਲ ਜੀ ਨਾਲ ਗੰਢ ਚਤਰਾਵਾ ਹੋ ਜਾਵੇ ਤਾਂ ਉਹ ਇਕ ਵੱਡੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਣਗੇ। ਉਨ•ਾਂ ਅਪਣਾ ਮਨ ਸੰਤ ਬੁੱਧੂ ਸ਼ਾਹ ਜੀ ਨੂੰ ਦਸਿਆ। ਸੰਤ ਬੁੱਧੂ ਸ਼ਾਹ ਜੀ ਨੇ ਬਾਬਾ ਦਿਆਲ ਜੀ ਨੂੰ ਇਹ ਰਿਸ਼ਤਾ ਸਵੀਕਾਰ ਕਰਨ ਲਈ ਪ੍ਰੇਰ ਲਿਆ।
ਆਪ ਨੇ ਹੋਣ ਵਾਲੇ ਧਾਰਮਕ ਮਾਤਾ-ਪਿਤਾ ਨੂੰ ਹੋਰ ਪ੍ਰੇਰ ਲਿਆ ਕਿ ਅਸੀ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਹਾਂ, ਜਿਸ ਵਿਚ ਗੁਰੂ ਰਾਮ ਦਾਸ ਜੀ ਨੇ ਲਾਵਾਂ ਅੰਕਿਤ ਕੀਤੀਆਂ ਹਨ ਸੋ ਉਨ•ਾਂ ਦਾ ਪ੍ਰਯੋਗ ਕਰ ਕੇ ਵਿਆਹ ਸੰਪੰਨ ਕਿਉਂ ਨਾ ਕੀਤਾ ਜਾਵੇ। ਪਿਤਾ-ਪੁਰਖੀ ਰੀਤ ਛਡਣੀ ਬੜੀ ਔਖੀ ਹੁੰਦੀ ਹੈ ਪਰ ਬਾਬਾ ਜੀ ਦੇ ਅਨਮੋਲ ਬਚਨਾਂ ਨੇ ਉਨ•ਾਂ ਨੂੰ ਪ੍ਰੇਰ ਲਿਆ। ਇਸ ਤਰ•ਾਂ ਇਹ ਪਹਿਲਾ ਆਨੰਦ ਵਿਆਹ ਸੂਹੀ ਰਾਗ ਵਿਚੋਂ ਲਾਵਾਂ ਉਚਾਰਨ ਤੇ ਸ਼ਬਦ ਕੀਰਤਨ ਦੇ ਆਨੰਦ ਸਾਹਿਬ ਪੜ• ਕੇ ਸੰਪੰਨ ਹੋਇਆ। ਇਹ ਇਕ ਅਨੋਖਾ ਵਿਆਹ ਸੀ, ਜਿਸ ਵਿਚ ਨਾ ਘੋੜੀ ਚੜ• ਕੇ ਬਰਾਤ ਆਈ, ਨਾ ਮਿਲਣੀ ਹੋਈ, ਨਾ ਹੀ ਕੋਈ ਹੋਰ ਰਸਮਾਂ ਕੀਤੀਆਂ ਗਈਆਂ। ਬਹੁਤ ਹੀ ਸਾਦਾ ਤੇ ਸੁਖਾਲਾ ਵਿਆਹ ਸੀ। ਇਹ ਇਤਿਹਾਸ ਵਿਚ ਇਕ ਅਨੋਖਾ ਤੇ ਕ੍ਰਾਂਤੀਕਾਰੀ ਵਿਆਹ ਮੰਨਿਆ ਜਾਣਾ ਚਾਹੀਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਜਾਰੀ ਸੰਘਰਸ਼ ਹਥਿਆਰਬੰਦ ਲੜਾਈ ਵਿਚ ਤਬਦੀਲ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਤਿਆਗਣਾ ਪਿਆ। ਉਸ ਤੋਂ ਮਗਰੋਂ ਗੁਰੂ ਸਾਹਿਬਾਨ ਅੰਮ੍ਰਿਤਸਰ ਨਾ ਪਰਤ ਸਕੇ। ਪਿਤਾ-ਪੁਰਖੀ ਰਸਮਾਂ ਨੂੰ ਬਦਲਣ ਲਈ ਸ਼ਾਂਤੀ ਦਾ ਮਾਹੌਲ ਜ਼ਰੂਰੀ ਹੁੰਦਾ ਹੈ ਜੋ ਗੁਰੂ ਸਾਹਿਬਾਨ ਦੇ ਸਮੇਂ ਬਣ ਨਾ ਸਕਿਆ। ਸਿੱਖ ਜ਼ਿਆਦਾਤਰ ਹਿੰਦੂ ਸਮਾਜ ਵਿਚੋਂ ਆਏ ਸਨ, ਇਸ ਲਈ ਉਨ•ਾਂ ਦੀਆਂ ਰਹੁ-ਰੀਤਾਂ ਪਿਤਾ-ਪੁਰਖੀ ਹੀ ਰਹੀਆਂ। ਇਸ ਘਾਟ ਨੂੰ ਪੂਰਾ ਕਰਨ ਲਈ ਬਾਬਾ ਦਿਆਲ ਜੀ ਦੇ ਉਤਰਾਧਿਕਾਰੀ ਬਾਬਾ ਦਰਬਾਰਾ ਸਿੰਘ ਜੀ ”ਹੁਕਮਨਾਮਾ ਸ੍ਰੀ ਅਕਾਲ ਪੁਰਖ ਜੀ ਕਾ ਸੱਭ ਸਿੱਖਾਂ ਪ੍ਰਤੀ” ਸੰਨ 1856 ਵਿਚ ਜਾਰੀ ਕੀਤਾ ਸੀ। ਇਸ ਵਿਚ ਸਿੱਖ ਧਰਮ ਦੀਆਂ ਜਨਮ ਤੋਂ ਲੈ ਕੇ ਅੰਤ ਤਕ ਦੀਆਂ ਰਹੁ ਰੀਤਾਂ ਬੜੀ ਯੋਗਤਾ ਨਾਲ ਗੁਰਮਤਿ ਅਨੁਸਾਰ ਵਿਸਥਾਰ ਵਿਚ ਉਲੀਕੀਆਂ। ਸਿੱਖ ਧਰਮ ਦੇ ਸ਼ਾਸਤਰ ਦਾ ਇਹ ਆਰੰਭ ਸੀ। ਇਸ ਤੋਂ ਪਹਿਲਾਂ ਨਾ ਕੋਈ ਇਹੋ ਜਿਹੀ ਲਿਖਤ ਮੌਜੂਦ ਹੈ ਨਾ ਕੋਈ ਇਸ ਤੋਂ ਬਾਅਦ ਲਿਖੀ ਗਈ। ਇਹ ਇਤਨੀ ਮੁਕੰਮਲ ਹੈ ਕਿ ਇਸ ਵਿਚ ਕੋਈ ਅਦਲਾ-ਬਦਲੀ ਕਰਨ ਦੀ ਲੋੜ ਨਹੀਂ।
ਅਜੋਕੇ ਸਮੇਂ ਆਨੰਦ ਕਾਰਜ ਦੀ ਰਸਮ ਇਕ ਅਤਿ ਖ਼ਰਚੀਲਾ ਕਾਰਜ ਹੋ ਨਿਬੜਿਆ ਹੈ। ਪਹਿਲਾਂ ਅਮੀਰ ਘਰਾਣਿਆਂ ਦੇ ਵਿਆਹਾਂ ਵਿਚ ਹੀ ਜ਼ਿਆਦਾ ਖ਼ਰਚ ਕੀਤਾ ਜਾਂਦਾ ਸੀ ਪਰ ਹੁਣ ਦੇਖੋ-ਦੇਖੀ ਮੱਧ ਵਰਗੀ ਤੇ ਗ਼ਰੀਬ ਪਰਵਾਰਾਂ ਵਲੋਂ ਵਿਆਹਾਂ ਮੌਕੇ ਅੱਡੀਆਂ ਚੁੱਕ ਕੇ ਖ਼ਰਚ ਕੀਤਾ ਜਾਂਦਾ ਹੈ। ਇਸ ਨਾਲ ਜਿਥੇ ਕਈ ਲਾਲਚੀ ਕਿਸਮ ਦੇ ਲੋਕਾਂ ਦੀ ਦਾਜ ਲੈਣ ਦੀ ਹਵਸ ਵਧਦੀ ਹੈ, ਉਥੇ ਕਰਜ਼ੇ ਚੁੱਕ ਕੇ ਵਿਆਹ ਕਰਨ ਵਾਲਿਆਂ ਦੀ ਬਾਕੀ ਉਮਰ ਇਹ ਕਰਜ਼ਾ ਉਤਾਰਦਿਆਂ ਹੀ ਲੰਘ ਜਾਂਦੀ ਹੈ। ਇਸ ਨਾਲ ਜੱਗ ਦੀ ਜਨਮ ਦਾਤੀ ਇਸਤਰੀ ਜਾਤੀ ਦੇ ਬੇਕਦਰੀ ਵਧਦੀ ਜਾ ਰਹੀ ਹੈ। ਵਿਆਹ ਮੌਕੇ ਹੁੰਦੇ ਅਥਾਹ ਖ਼ਰਚਿਆਂ ਦੇ ਦਾਜ ਰੂਪੀ ਦੈਂਤ ਦੀ ਦਹਿਸ਼ਤ ਕਾਰਨ ਕਈ ਲੋਕ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਮੁਕਾਉਂਦੇ ਹਨ। ਭਰੂਣ ਹਤਿਆ ਦੇ ਵੱਧ ਰਹੇ ਰੁਝਾਨ ਪਿਛੇ ਵਿਆਹ ਸਮਾਗਮਾਂ ਉਤੇ ਹੋਣ ਵਾਲਾ ਅਥਾਹ ਖ਼ਰਚ ਅਤੇ ਦਾਜ ਦੀ ਲਾਹਨਤ ਵੀ ਇਕ ਮੁੱਖ ਕਾਰਨ ਹੈ। ਬਾਬਾ ਦਿਆਲ ਜੀ ਵਲੋਂ ਆਨੰਦ ਵਿਆਹ ਦੀ ਰਸਮ ਸਮੇਂ ਸਾਦਗੀ ਭਰਪੂਰ ਤੇ ਬਿਨਾਂ ਖ਼ਰਚ ਤੋਂ ਚਲਾਈ ਪ੍ਰਥਾ ਨੂੰ ਅਜੋਕੇ ਸਮੇਂ ਉਜਾਗਰ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ।
ਇਹ ਕ੍ਰਾਂਤੀਕਾਰੀ ਪੁਲਾਂਘ ਸੰਨ 1808 ਚੇਤਰ ਦੇ ਮਹੀਨੇ ਭੇਰੇ ਨਗਰ ਵਿਖੇ ਪੁੱਟੀ ਗਈ ਕਿਉਂਕਿ ਹਿੰਦੂਆਂ ਵਿਚ ਚੇਤਰ, ਕੱਤਕ ਤੇ ਪੋਹ ਦੇ ਮਹੀਨੇ ਵਿਚ ਵਿਆਹ ਦੀ ਰਸਮ ਨਹੀਂ ਕੀਤੀ ਜਾਂਦੀ। ਇਸ ਦਾ 200 ਸਾਲਾ ਸਮਾਂ ਅਗਲੇ ਸਾਲ ਚੇਤਰ ਦੇ ਮਹੀਨੇ ਆ ਰਿਹਾ ਹੈ। ਸੋ ਇਸ ਕ੍ਰਾਂਤੀਕਾਰੀ ਸਮਾਜਕ ਪਰਿਵਰਤਨ ਨੂੰ ਬੜੇ ਉਤਸ਼ਾਹ ਦੇ ਬੜੇ ਹੁਲਾਸ ਨਾਲ ਸਾਰੇ ਸਿੱਖ ਸਮਾਜ ਨੂੰ ਮਨਾਉਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੂੰ ਬਿਨੈ ਕਰਾਂਗੇ ਕਿ ਉਹ ਇਸ ਮੌਕੇ ਨੂੰ ਵੱਡੀ ਪੱਧਰ ਉਤੇ ਮਨਾਉਣ ਦਾ ਉਪਰਾਲਾ ਕਰਨ ਕਿਉਂਕਿ ਇਹ ਸਾਡੇ ਸਿੱਖ ਇਤਿਹਾਸ ਦਾ ਇਕ ਬਹੁਤ ਵੱਡਾ ਮੀਲ ਪੱਥਰ ਹੈ।