ਸਪੇਨ:ਤੁਹਾਡਾ ਵੱਡਾ ਹੋ ਰਿਹਾ ਬੱਚਾ ਟੀ. ਵੀ. ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਦੇ ਰਿਹਾ ਹੈ ਤਾਂ ਸੰਭਲ ਜਾਓ। ਇਕ ਨਵੀਂ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਦੇਣ ਨਾਲ ਬੱਚਿਆਂ ਦੇ ਡਿਪ੍ਰੈਸ਼ਨ ‘ਚ ਜਾਣ ਦਾ ਖਤਰਾ ਗੰਭੀਰ ਪੱਧਰ ‘ਤੇ ਵਧ ਜਾਂਦਾ ਹੈ। ਯੂਨੀਵਰਸਿਟੀ ਆਫ ਮਾਂਟਰੀਅਲ ਦੇ ਖੋਜਕਾਰ ਨੇ ਬੱਚਿਆਂ ‘ਤੇ ਚਾਰ ਸਾਲ ਤੱਕ ਅਧਿਐਨ ਤੋਂ ਬਾਅਦ ਆਪਣੀ ਰਿਪੋਰਟ ਜਾਰੀ ਕੀਤੀ। ਖੋਜਕਾਰਾਂ ਨੇ ਹਾਈ ਸਕੂਲ ਦੇ ਬੱਚਿਆਂ ‘ਤੇ ਇਹ ਅਧਿਐਨ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੱਚੇ ਔਸਤਨ 9 ਘੰਟੇ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਸਮਾਂ ਦੇ ਰਹੇ ਹਨ। ਅਧਿਐਨ ਮੁਤਾਬਕ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਵਿਚ ਡਿਪ੍ਰੈਸ਼ਨ ‘ਚ ਜਾਣ ਦਾ ਖਤਰਾ ਵਧਦਾ ਜਾਂਦਾ ਹੈ। ਬਹੁਤ ਪਹਿਲਾਂ ਤੋਂ ਮਨੋਵਿਗਿਆਨਕ ਇਹ ਕਹਿੰਦੇ ਰਹੇ ਹਨ ਕਿ ਟੀ. ਵੀ. ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਬੱਚਿਆਂ ‘ਚ ਨਾਂਹ-ਪੱਖੀ ਅਸਰ ਪੈਂਦਾ ਹੈ। ਅਧਿਐਨ ‘ਚ ਖੋਜਕਾਰਾਂ ਨੇ ਇਸ ਗੱਲ ਨੂੰ ਸਾਬਿਤ ਵੀ ਕਰ ਦਿੱਤਾ ਹੈ।
ਖੋਜਕਾਰਾਂ ਨੇ ਹਾਈ ਸਕੂਲ ਦੇ ਚਾਰ ਹਜ਼ਾਰ ਬੱਚਿਆਂ ਨੂੰ ਇਸ ਦੇ ਲਈ ਚੁਣਿਆ। ਇਨ੍ਹਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਸੀ। ਚਾਰ ਸਾਲ ਤਕ ਅਧਿਐਨ ਤੋਂ ਬਾਅਦ ਖੋਜਕਾਰਾਂ ਨੂੰ ਹੈਰਾਨ ਕਰਨ ਵਾਲੇ ਨਤੀਜੇ ਮਿਲੇ। ਅਧਿਐਨ ਮੁਤਾਬਕ ਇਨ੍ਹਾਂ ਬੱਚਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ ਅਗਲੇ ਸਾਲ ਹਰ ਵਾਰ ਸੋਸ਼ਲ ਮੀਡੀਆ ‘ਤੇ ਸਮਾਂ ਬਿਤਾਉਣ ਦੇ ਸਮੇਂ ‘ਚ ਵਾਧਾ ਹੋਇਆ। ਇਸ ‘ਚ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਜਦੋਂ ਵੀ ਬੱਚੇ ਪਾਸ ਕਰ ਕੇ ਅਗਲੀ ਜਮਾਤ ‘ਚ ਜਾਂਦੇ, ਉਹ ਪਹਿਲਾਂ ਤੋਂ ਜ਼ਿਆਦਾ ਡਿਪ੍ਰੈਸ਼ਨ ਦੇ ਸ਼ਿਕਾਰ ਪਾਏ ਗਏ। ਅਧਿਐਨ ‘ਚ ਇਹ ਗੱਲ ਦੇਖਣ ਨੂੰ ਵੀ ਮਿਲੀ ਕਿ ਇਨ੍ਹਾਂ ਬੱਚਿਆਂ ‘ਚ ਵੀਡੀਓ ਗੇਮ ਦੇਖਣ ਦੀ ਆਦਤ ਹੌਲੀ-ਹੌਲੀ ਘੱਟ ਪੈਂਦੀ ਗਈ।ਲੰਬੇ ਸਮੇਂ ਤੱਕ ਲਗਾਤਾਰ ਟੀ. ਵੀ. ਦੇਖਣ ਵਾਲੇ ਬੱਚਿਆਂ ਨੂੰ ਡਿਪ੍ਰੈਸ਼ਨ
ਜੋ ਬੱਚੇ ਲੰਬੇ ਤੱਕ ਟੀ. ਵੀ. ਜਾਂ ਕੰਪਿਊਟਰ ਦੀ ਸਕ੍ਰੀਨ ਦੇਖਦੇ ਹਨ, ਉਨ੍ਹਾਂ ਨੂੰ ਡਿਪ੍ਰੈਸ਼ਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਕ ਤਾਜ਼ਾ ਖੋਜ ‘ਚ ਇਹ ਦਾਅਵਾ ਕੀਤਾ ਗਿਆ ਹੈ। ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਟੀ. ਵੀ. ‘ਤੇ ਜ਼ਿਆਦਾ ਸਮਾਂਂ ਬਿਤਾਉਣ ਵਾਲੇ ਬੱਚਿਆਂ ‘ਚ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਰਸਾਲੇ ਜਾਮਾ ਪੀਡੀਆਟ੍ਰਿਕਸ ‘ਚ ਛਪੀ ਖੋਜ ‘ਚ ਦੱਸਿਆ ਗਿਆ ਹੈ ਕਿ ਚਾਰ ਸਾਲ ਤੱਕ ਔਸਤ ਸਮੇਂ ਤੋਂ ਜ਼ਿਆਦਾ ਦੇਰ ਤੱਕ ਰੋਜ਼ਾਨਾ ਟੀ. ਵੀ. ਅਤੇ ਸੋਸ਼ਲ ਮੀਡੀਆ ਦੇਖਣ ਨਾਲ ਬੱਚਿਆਂ ‘ਚ ਡਿਪ੍ਰੈਸ਼ਨ ਦੇ ਲੱਛਣ ਜ਼ਿਆਦਾ ਗੰਭੀਰ ਹੋ ਸਕਦੇ ਹਨ।