ਜਲੰਧਰ – ਕਦੇ ਯੈਲੋ ਕਰੰਸੀ ਦੇ ਦੀਵਾਨੇ ਪੰਜਾਬੀਆਂ ਦੀ ਹੁਣ ਫਿਤਰਤ ਬਦਲਣ ਲੱਗੀ ਹੈ। ਹੁਣ ਯੈਲੋ ਦੀ ਬਜਾਏ ਪੰਜਾਬੀ ਗ੍ਰੀਨ ਕਰੰਸੀ ਮਤਲਬ ਯੂ. ਐਸ. ਡਾਲਰ ਦੇ ਦੀਵਾਨੇ ਹੋ ਗਏ ਹਨ। ਸਰਕਾਰੀ ਨੀਤੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਬਾਜ਼ਾਰ ’ਚ ਜਮ ਕੇ ਗ੍ਰੀਨ ਕਰੰਸੀ (ਯੂ. ਐੱਸ. ਡਾਲਰ) ਦੀ ਨਕਦ ਖਰੀਦਦਾਰੀ ਕੀਤੀ ਜਾ ਰਹੀ ਹੈ। ਜਿਸ ਨੂੰ ਦੇਖੋ ਡਾਲਰ ਦੀਅਾਂ ਹੀ ਗੱਲਾਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਰ ਕੋਈ ਹੈਰਾਨ ਹੈ ਕਿ ਆਖਿਰ ਅਜਿਹਾ ਕੀ ਕਾਰਨ ਹੈ ਕਿ ਬਾਜ਼ਾਰ ’ਚ ਅਚਾਨਕ ਤੋਂ ਡਾਲਰ ਦੀ ਡਿਮਾਂਡ ਵਧਣ ਲੱਗੀ ਹੈ। ਮੌਜੂਦਾ ਸਮੇਂ ਅੰਦਰ ਲੋਕਾਂ ਵਿਚ ਗੋਲਡ ਤੇ ਪ੍ਰਾਪਰਟੀ ਅੰਦਰ ਇਨਵੈਸਟ ਕਰਨ ਨੂੰ ਲੈ ਕੇ ਰੁਝਾਨ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਂਝ ਤਾਂ ਪੂਰੇ ਪੰਜਾਬ ’ਚ ਹੀ ਡਾਲਰ ਦੀ ਖਰੀਦੋ-ਫਰੋਖਤ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ ਪਰ ਦੋਆਬਾ ਖੇਤਰ ’ਚ ਖਾਸ ਤੌਰ ’ਤੇ ਡਾਲਰ ਦੀ ਬੰਪਰ ਸੇਲ ਜਾਰੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਕੁਝ ਵੱਡੇ ਕਾਰੋਬਾਰੀਆਂ ਨਾਲ ਦੋਆਬਾ ਦੇ ਕੁਝ ਵੱਡੇ ਕਾਰੋਬਾਰੀਆਂ ਵਲੋਂ ਕਰੋੜਾਂ ਰੁਪਏ ਦੇ ਡਾਲਰ ਖਰੀਦਣ ਦੀ ਡੀਲ ਬੁੱਕ ਹੋ ਚੁੱਕੀ ਹੈ।