ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹਾਦਤ ਦਾ ਇਤਿਹਾਸ ‘ਚ ਖਾਸ ਸਥਾਨ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੁਖੀਆਂ ਦੇ ਦੁੱਖ ਹਰਨ ਦੀ ਉਹ ਮਿਸਾਲ ਹੈ, ਜੋ ਇਹ ਦਰਸਾਉਂਦੀ ਹੈ ਕਿ ਜੇਕਰ ਲੋੜ ਪਵੇ ਤਾਂ ਮਾਨਵਤਾ ਖਾਤਰ ਆਪਣਾ-ਆਪ ਕੁਰਬਾਨ ਕਰਨ ‘ਚ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ। ਅੱਜ ਜਦੋਂ ਸਮਾਜ ਅੰਦਰ ਮੈਂ-ਮੇਰੀ ਅਤੇ ਸਵੈ ਲਾਲਸਾਵਾਂ ਪ੍ਰਬਲ ਹੋ ਚੁੱਕੀਆਂ ਹਨ ਤਾਂ ਅਜਿਹੇ ‘ਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਜ ਲਈ ਇਕ ਵੱਡੀ ਪ੍ਰੇਰਨਾ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਤੋਂ ਪਹਿਲਾਂ ਸਿੱਖ ਧਰਮ ਅੰਦਰ ਸ਼ਹਾਦਤ ਦੇ ਸੰਕਲਪ ਨੂੰ ਸਮਝਣਾ ਵੀ ਜ਼ਰੂਰੀ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਸਿੱਖੀ ਦੇ ਮਹਿਲ ਨੂੰ ਪਹਿਲੀ ਇੱਟ ਕੁਰਬਾਨੀ ਦੀ ਹੀ ਲੱਗੀ। ਉਨ੍ਹਾਂ ਆਪਣੀ ਪਾਵਨ ਬਾਣੀ ਅੰਦਰ ਇਸ ਪ੍ਰੇਮ ਦੀ ਖੇਡ ਲਈ ਸਿਰ ਤਲੀ ‘ਤੇ ਧਰਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਇਸ ਰਸਤੇ ‘ਤੇ ਚੱਲਣ ਲਈ ਡਰ ਦੀ ਕੋਈ ਥਾਂ ਨਹੀਂ ਹੈ। ਧਰਮ ਪ੍ਰਤੀ ਕੁਰਬਾਨੀ ਅਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਇਸੇ ਸੰਕਲਪ ‘ਤੇ ਚਲਦਿਆਂ ਪੰਜਵੇਂ ਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹੀਦੀਆਂ ਦੇ ਕੇ ਸ਼ਹੀਦੀ-ਪਰੰਪਰਾ ਦਾ ਆਰੰਭ ਕੀਤਾ। ਉਸ ਸਮੇਂ ਤੋਂ ਹੁਣ ਤੱਕ ਲੱਖਾਂ ਹੀ ਸਿੱਖ ਅਣਖ, ਅਜ਼ਾਦੀ ਅਤੇ ਹੱਕ-ਸੱਚ ਲਈ ਜੂਝਦੇ ਹੋਏ ਸ਼ਹੀਦ ਹੋਏ। ਸਿੱਖ ਕੌਮ ਯੋਧਿਆਂ, ਜੁਝਾਰੂਆਂ, ਸ਼ਹੀਦਾਂ ਦੀ ਕੌਮ ਹੈ। ਸ਼ਹਾਦਤ ਹਮੇਸ਼ਾ ਨਿਆਂ, ਹੱਕ-ਸੱਚ ਅਤੇ ਧਰਮ ਲਈ ਦਿੱਤੀ ਜਾਂਦੀ ਹੈ। ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੇ ਅਮਲੀ ਵਰਤਾਰੇ ਨੂੰ ਸਿਖਰਾਂ ‘ਤੇ ਪਹੁੰਚਾਇਆ। ਉਨ੍ਹਾਂ ਸ਼ਹਾਦਤ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਊਂਦਿਆਂ ਰੱਖਣ ਵਾਲੀ ਹੈ। ਉਨ੍ਹਾਂ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਦੀ ਗੱਲ ਕਰੀਏ ਤਾਂ ਜਦੋਂ ਕਸ਼ਮੀਰ ‘ਚੋਂ ਆਏ ਪੰਡਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੀ ਹਕੂਮਤ ਵਲੋਂ ਜਬਰੀ ਧਰਮ ਦੀ ਕੀਤੀ ਜਾ ਰਹੀ ਤਬਦੀਲੀ ਅਤੇ ਦੁੱਖਾਂ ਦੀ ਲੰਬੀ ਦਾਸਤਾਨ ਸੁਣਾਈ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁਕ ਸਕਣਗੇ। ਇਸ ਸਮੇਂ ਉਥੇ ਖੜ੍ਹੇ ਨੌਂ ਸਾਲਾਂ ਦੇ ਬਾਲਕ ਗੋਬਿੰਦ ਰਾਇ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਸਹਿਜ ਸੁਭਾਅ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ, ਇਸ ਸਮੇਂ ਤੁਹਾਡੇ ਨਾਲੋਂ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ? ਇਹ ਸੁਣਨ ‘ਤੇ ਆਪ ਨੇ ਬਾਲ ਗੋਬਿੰਦ ਰਾਇ ਜੀ ਨੂੰ ਛਾਤੀ ਨਾਲ ਲਗਾ ਲਿਆ ਅਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨ੍ਹਾਂ ਦੇ ਗੁਰੂ (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਮੁਹੰਮਦੀ ਸ਼ਰ੍ਹਾ ‘ਚ ਲੈ ਆਓ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਔਰੰਗਜ਼ੇਬ ਵਲੋਂ ਗੁਰੂ ਸਾਹਿਬ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਗਰੇ ਵਿਖੇ ਗ੍ਰਿਫ਼ਤਾਰ ਹੋਣ ਉਪਰੰਤ ਦਿੱਲੀ ਲਿਆਂਦਾ ਗਿਆ। ਇਸ ਸਮੇਂ ਸਿਦਕੀ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਆਪ ਜੀ ਦੇ ਨਾਲ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ‘ਤੇ ਹਕੂਮਤੀ ਵਾਰ ਹੋਣੇ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਦਾ ਦੌਰ ਸ਼ੁਰੂ ਹੋ ਗਿਆ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਹਕੂਮਤ ਬੌਖਲਾ ਉੱਠੀ, ਕਿਉਂਕਿ ਹਾਰ ਉਸ ਦੇ ਸਾਹਮਣੇ ਸੀ ਅਤੇ ਗੁਰੂ ਸਾਹਿਬ ਜਿੱਤ ਰਹੇ ਸਨ, ਜਿਸ ਕਾਰਨ ਜ਼ਾਲਮਾਂ ਨੇ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਆਦਰਸ਼ ਮਾਨਵ-ਧਰਮ ਦੀ ਸੁਰੱਖਿਆ ਦੇ ਨਾਲ-ਨਾਲ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਇਕ ਪ੍ਰੇਰਨਾ ਹੈ। ਸੋ ਆਓ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਵਲੋਂ ਧਰਮ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ ਗੁਰਮਤਿ ਮਾਰਗ ਦੇ ਰਾਹੀ ਬਣੀਏ। ਇਹੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਹੈ।