ਅੰਮ੍ਰਿਤਸਰ—ਪੰਜਾਬ ਵਿਚ ਅਕਸਰ ਧਾਰਮਿਕ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਜਿਸ ਤਹਿਤ ਲੋਕਾਂ ਵਲੋਂ ਆਪਣੀ ਸ਼ਰਧਾ ਮੁਤਾਬਕ ਲੰਗਰ ਦੀ ਸੇਵਾ ਵੀ ਨਿਭਾਈ ਜਾਂਦੀ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੰਗਰਾਂ ਤੋਂ ਬਾਅਦ ਲੋਕ ਜੂਠੇ ਪੱਤਲਾਂ ਤੇ ਡੂੰਨਿਆਂ ਨੂੰ ਸੜਕਾਂ ‘ਤੇ ਹੀ ਸੁੱਟ ਕੇ ਚਲੇ ਜਾਂਦੇ ਹਨ। ਇਸ ਗੰਦਗੀ ਵੱਲ ਨਾ ਤਾਂ ਲੰਗਰ ਲਾਉਣ ਵਾਲੇ ਧਿਆਨ ਦਿੰਦੇ ਹਨ ਤੇ ਨਾ ਹੀ ਲੰਗਰ ਖਾਣ ਵਾਲੇ। ਲੰਗਰਾਂ ਤੋਂ ਬਾਅਦ ਫੈਲਦੀ ਇਸ ਗੰਦਗੀ ਨੂੰ ਸਾਫ ਕਰਨ ਦਾ ਜਿੰਮਾ ਅੰਮ੍ਰਿਤਸਰ ਦੇ ਅਵਤਾਰ ਸਿੰਘ ਨੇ ਚੁੱਕਿਆ ਹੈ। ਜਿੱਥੇ ਕਿਤੇ ਵੀ ਲੰਗਰ ਲੱਗਦਾ ਹੈ, ਅਵਤਾਰ ਸਿੰਘ ਆਪਣੀ ਰੇਹੜੀ ਤੇ ਹੋਰ ਸਾਜੋ ਸਾਮਾਨ ਲੈ ਕੇ ਜੂਠੇ ਪੱਤਲਾਂ ਨੂੰ ਚੁੱਕਣ ਲਈ ਉਥੇ ਪਹੁੰਚ ਜਾਂਦੇ ਹਨ। ਬੈਂਕ ਮੈਨੇਜਰ ਵਜੋਂ ਰਿਟਾਇਰਡ ਅਵਤਾਰ ਸਿੰਘ ਪਿਛਲੇ 8 ਸਾਲਾਂ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਹਨ।
ਇਸ ਕੰਮ ਲਈ ਅਵਤਾਰ ਸਿੰਘ ਨੇ ਵਿਸ਼ੇਸ਼ ਸੇਵਾ ਦੀ ਮੋਟਰ ਬਣਾਈ ਹੈ ਤੇ ਖਾਸ ਲੋਹੇ ਦੀਆਂ ਰਾਡਾਂ ਵੀ ਰੱਖੀਆਂ ਹਨ। 12 ਲੋਕਾਂ ਦੀ ਟੀਮ ਸਫਾਈ ਦੇ ਨਾਲ-ਨਾਲ ਲੰਗਰ ਆਯੋਜਕਾਂ ਨੂੰ ਸਫਾਈ ਦਾ ਸੰਦੇਸ਼ ਵੀ ਦਿੰਦੀ ਹੈ। ਅਵਤਾਰ ਸਿੰਘ ਦਾ ਇਹ ਕਦਮ ਕਾਬਿਲ-ਏ-ਤਾਰੀਫ ਹੈ। ਲੋੜ ਹੈ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਬਣਾਉਣ ਦੀ, ਤਾਂ ਜੋ ਸਵੱਛ ਭਾਰਤ ਦਾ ਸੁਪਨਾ ਸਾਕਾਰ ਹੋ ਸਕੇ।