ਕੈਨੇਡਾ : ਦੁਨੀਆ ਭਰ ਵਿਚ ਸਿੱਖ ਵਸੇ ਹੋਏ ਹਨ। ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਵਲੋਂ ਕੁਝ ਦਿਨ ਪਹਿਲਾਂ ਸਿੱਖਾਂ ਨੂੰ 6 ਸੈਂਟੀਮੀਟਰ ਲੰਬੀ ਕਿਰਪਾਨ ਪਾ ਕੇ ਘਰੇਲੂ ਅਤੇ ਕੌਮਾਂਤਰੀ ਪੱਧਰ ਤੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੇ ਇਸ ਦਾ ਸਵਾਗਤ ਕੀਤਾ ਹੈ। ਕੌਮਾਂਤਰੀ ਸਿੱਖ ਸੰਸਥਾ (WHO) ਕੈਨੇਡਾ, ਜਿਸ ਨੇ ਸਿੱਖਾਂ ਦੇ ਇਸ ਹੱਕ ਲਈ ਯਤਨ ਕੀਤੇ। ਇਸ ਫ਼ੈਸਲੇ ਲਈ ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਦਾ ਧੰਨਵਾਦ ਕੀਤਾ ਹੈ। ਇਹ ਕੋਈ ਇਕੱਲੀ ਉਦਾਹਰਨ ਨਹੀਂ ਹੈ ਕਿ ਕਿਸੇ ਮੁਲਕ ਦੀ ਸਰਕਾਰ ਨੇ ਧਾਰਮਕ ਮਸਲੇ ਤੇ ਅਪਣੀ ਰਾਏ ਬਦਲੀ ਹੋਵੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਦੇਸਾਂ ਦੀਆਂ ਸਰਕਾਰਾਂ ਜਾਂ ਅਦਾਲਤਾਂ ਨੇ ਅਪਣੇ ਫ਼ੈਸਲੇ ਬਦਲ ਕੇ ਧਾਰਮਕ ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਜ਼ਿੰਦਗੀ ਜਿਊਣ ਦਾ ਹੱਕ ਦਿਤਾ ਹੈ। ਬਲਤੇਜ ਸਿੰਘ ਢਿੱਲੋਂ 1983 ‘ਚ ਮਲੇਸ਼ੀਆ ਛੱਡ ਕੇ ਕੈਨੇਡਾ ਜਾ ਵਸੇ। ਉਥੇ ਜਾ ਕੇ ਜਦੋਂ ਬਲਤੇਜ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ‘ਚ ਜਾਣਾ ਚਾਹਿਆ ਤਾਂ ਉਨ੍ਹਾਂ ਨੂੰ ਅਪਣੀ ਪੱਗ ਕਰ ਕੇ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨਾਲ ਇਕ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ 1990 ‘ਚ ਪੱਗ ਬੰਨ੍ਹ ਕੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ‘ਚ ਜਾਣ ਦੀ ਇਜਾਜ਼ਤ ਮਿਲ ਗਈ।
2004 ਵਿਚ ਫਰਾਂਸ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਪੱਗ੍ਹ ਬੰਨ੍ਹਣ ਅਤੇ ਕਈ ਹੋਰ ਧਰਮਾਂ ਦੇ ਧਾਰਮਕ ਚਿੰਨ੍ਹਾਂ ਉਤੇ ਪਾਬੰਦੀ ਲਾਈ ਗਈ। ਦੁਨੀਆ ਭਰ ਦੇ ਸਿੱਖਾਂ ਨੇ ਅਤੇ ਹੋਰ ਧਰਮਾਂ ਦੇ ਆਗੂਆਂ ਨੇ ਇਸ ਪਾਬੰਦੀ ਨੂੰ ਲੈ ਕੇ ਵਿਰੋਧ ਕੀਤਾ ਅਤੇ ਕਾਨੂੰਨੀ ਲੜਾਈਆਂ ਵੀ ਲੜੀਆਂ। ਸਿੱਖਾਂ ਨੇ ਅਪਣੀ ਸ਼ਾਨ ਨੂੰ ਪੁਰੀ ਦੁਨੀਆ ਵਿਚ ਕਾਇਮ ਰੱਖਿਆ ਹੈ। ਪੰਜਾਬੀ ਨੂੰ ਅਪਣੀ ਪੱਗ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।