ਕਾਠਮੰਡੂਗ- ਪਿਛਲੇ ਸਾਲ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਵੱਡਾ ਹਾਦਸਾ ਹੋਇਆ ਸੀ। ਇਸ ਹਾਦਸੇ ਵਿਚ ਯੂ.ਐਸ. ਬਾਂਗਲਾ ਏਅਰਲਾਈਨ ਦਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਹ ਹਾਦਸਾ ਪਿਛਲੇ ਸਾਲ ਮਾਰਚ ਵਿਚ ਹੋਇਆ ਸੀ। ਹਾਲਾਂਕਿ ਹੁਣ ਇਸ ਹਾਦਸੇ ਨਾਲ ਜੁੜਿਆ ਇਕ ਵੱਡਾ ਖੁਲਾਸਾ ਹੋਇਆ ਹੈ। ਖਬਰਾਂ ਮੁਤਾਬਕ ਇਹ ਹਾਦਸਾ ਇਸ ਲਈ ਹੋਇਆ ਕਿਉਂਕਿ ਜਹਾਜ਼ ਦਾ ਪਾਇਲਟ ਆਪਣੇ ਕੈਬਿਨ ਵਿਚ ਸਮੋਕਿੰਗ ਕਰ ਰਿਹਾ ਸੀ। ਇਸ ਗੱਲ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ ਹੈ।
ਇਸ ਮਾਮਲੇ ਦਾ ਖੁਲਾਸਾ ਫਲਾਈਟ ਦੇ ਕਾਕਪਿਟ ਵਾਇਸ ਰਿਕਾਰਡਰ ਨਾਲ ਹੋਇਆ। ਕਾਕਪਿਟ ਵਾਇਸ ਰਿਕਾਰਡਰ ਨਾਲ ਹੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਫਲਾਈਟ ਦੇ ਪਾਇਲਟ ਨੇ ਆਪਣੇ ਕੈਬਿਨ ਵਿਚ ਹੀ ਸਮੋਕਿੰਗ ਕੀਤੀ ਸੀ।
ਦਰਅਸਲ ਹਾਦਸੇ ਤੋਂ ਬਾਅਦ ਸਬੰਧਿਤ ਵਿਭਾਗ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਸ਼ੱਕ ਸੀ ਕਿ ਕੀ ਅਸਲ ਵਿਚ ਸੁਰੱਖਿਆ ਉਲੰਘਣਾ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਅਜਿਹੇ ਵਿਚ ਇਸ ਗੱਲ ਦੀ ਪੁਸ਼ਟੀ ਕਰਨ ਲਈ ਅਤੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਦੁਰਘਟਨਾ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਹਾਲਾਂਕਿ ਹੁਣ ਦੁਰਘਟਨਾ ਜਾਂਚ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਹਾਦਸਾ ਸਿਰਫ ਕਰੂ ਦੀ ਗਲਤੀ ਕਾਰਨ ਹੀ ਹੋਇਆ ਸੀ। ਜੇਕਰ ਕਰੂ ਲਾਪਰਵਾਹੀ ਨਹੀਂ ਵਰਤਦਾ ਤਾਂ ਇਹ ਹਾਦਸਾ ਨਹੀਂ ਹੁੰਦਾ।
ਕਾਠਮੰਡੂ ਵਿਚ ਇਹ ਹਾਦਸਾ 12 ਮਾਰਚ 2018 ਨੂੰ ਹੋਇਆ ਸੀ, ਜਿਸ ਵਿਚ ਤਕਰੀਬਨ 51 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 51 ਲੋਕਾਂ ਵਿਚ ਕਰੂ ਦੇ ਚਾਰ ਮੈਂਬਰ ਵੀ ਸ਼ਾਮਲ ਸਨ। ਫਲਾਈਟ ਨੇ ਬੰਗਲਾਦੇਸ਼ ਦੇ ਢਾਕਾ ਤੋਂ ਉਡਾਣ ਭਰੀ ਸੀ। ਫਿਰ ਜਿਵੇਂ ਹੀ ਜਹਾਜ਼ ਕਾਠਮੰਡੂ ਦੇ ਤ੍ਰਿਭੂਵਨ ਇੰਟਰਨੈਸ਼ਨਲ ਏਅਰਪੋਰਟ ਵਿਚ ਪਹੁੰਚਿਆ ਤਾਂ ਰਨਵੇ ਤੋਂ ਬਾਹਰ ਚਲਾ ਗਿਆ ਅਤੇ ਇਕ ਫੁੱਟਬਾਲ ਗ੍ਰਾਉਂਡ ਵਿਚ ਕ੍ਰੈਸ਼ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਵਿਚ ਅੱਗ ਵੀ ਲੱਗ ਗਈ ਸੀ। ਜਾਂਚ ਰਿਪੋਰਟ ਵਿਚ ਤ੍ਰਿਭੂਵਨ ਏਅਰਪੋਰਟ ਦੇ ਕੰਟਰੋਲ ਟਾਵਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ।